ਸਹਾਇਕ ਕਮਿਸ਼ਨਰ ਨੇ ਕੀਤੀ ਡੇਂਗੂ, ਮਲੇਰੀਏ ਦੀ ਰੋਕਥਾਮ ਸਬੰਧੀ ਮੀਟਿੰਗ

0
20

ਮਾਨਸਾ, 04 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਡੇਂਗੂ,  ਮਲੇਰੀਏ ਦੀ ਰੋਕਥਾਮ ਦੇ ਸਬੰਧ ਵਿਚ ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਇਕ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡੇਂਗੂ ਦੀ ਰੋਕਥਾਮ ਲਈ ਡੋਰ ਟੂ ਡੋਰ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਡੇਂਗੂ ਦਾ ਲਾਰਵਾ ਮਿਲਣ ਤੇ ਚਲਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਤੇ ਮਲੇਰੀਏ ਦਾ ਸੀਜ਼ਨ ਚੱਲ ਰਿਹਾ ਹੈ ਇਸਲਈ ਇਨ੍ਹਾਂ ਤੋਂ ਬਚਣ ਅਤੇ ਫੈਲਣ ਤੋਂ ਰੋਕਣ ਲਈ ਹੁਣ ਤੋਂ ਹੀ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। 
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ ਦਿਨੀ 3899 ਘਰਾਂ ਦੀ ਚੈਕਿੰਗ ਦੌਰਾਨ 12937 ਕੰਟੇਨਰ ਵੀ ਚੈੱਕ ਕੀਤੇ ਗਏ ਅਤੇ ਜ਼ਿਲ੍ਹਾ ਮਾਨਸਾ ਦੇ 39 ਸ਼ਹਿਰੀ ਇਲਾਕਿਆਂ ਵਿਚ ਡੇਂਗੂ ਦੇ ਲਾਰਵੇ ਪਾਏ ਗਏ ਅਤੇ ਜਿੰਨ੍ਹਾਂ ਘਰਾਂ, ਦੁਕਾਨਾਂ ਆਦਿ ਵਿਚ ਇਹ ਲਾਰਵਾ ਪਾਇਆ ਗਿਆ ਉਨ੍ਹਾਂ ਨੂੰ ਚਲਾਣ ਜਾਰੀ ਕੀਤੇ ਗਏ। 39 ਥਾਵਾਂ ਵਿਚੋਂ 26 ਥਾਵਾਂ ਤੇ ਲਾਰਵਾ ਫਰਿੱਜ ਦੇ ਪਿੱਛੇ ਬਣੀ ਟਰੇਅ ਵਿਚ ਪਾਇਆ ਗਿਆ ਅਤੇ ਬਾਕੀ ਕੂਲਰਾਂ ਵਿਚ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕੂਲਰਾਂ ਦੀ ਚੈਕਿੰਗ ਦੌਰਾਨ ਕੂਲਰਾਂ ਦਾ ਪਾਣੀ ਬਦਲਣ ਦਾ ਸੁਨੇਹਾ ਦਿੰਦਾ ਇਕ ਸਾਵਧਾਨੀ ਸਟੀਕਰ ਵੀ ਚਿਪਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ, ਮਲੇਰੀਆ ਆਦਿ ਮੱਛਰ ਦੀ ਰੋਕਥਾਮ ਕੇਵਲ ਸਰਕਾਰ ਦੇ ਯਤਨਾਂ ਸਦਕਾ ਨਹੀਂ ਹੋ ਸਕਦੀ ਬਲਕਿ ਹਰ ਜ਼ਿਲ੍ਹਾ ਵਾਸੀ ਨੂੰ ਆਪਣਾ ਘਰ ਤੇ ਆਲਾ ਦੁਆਲਾ ਸਾਫ਼ ਰੱਖਣਾ ਪਵੇਗਾ। ਇਸ ਮੰਤਵ ਨੂੰ ਮੁੱਖ ਰੱਖਦਿਆਂ ਹਰ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਭਾਵ ਹਰ ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰਾਂ ਅਤੇ ਹੋਰ ਥਾਵਾਂ ਤੇ ਮੌਜੂਦ ਕੂਲਰਾਂ ਅਤੇ ਪਾਣੀ ਦੀਆਂ ਟੈਂਕੀਆਂ ਆਦਿ ਦੀ ਸਫ਼ਾਈ ਕੀਤੀ ਜਾਂਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਲਾਰਵੇ ਦੀ ਰੋਕਥਾਮ ਲਈ ਖਿਆਲਾ ਕਲਾਂ ਵਿਖੇ ਵਿਭਾਗ ਵੱਲੋਂ ਗੰਬੂਸ਼ੀਆ ਮੱਛੀ ਦੇ ਪੂੰਗ ਤਿਆਰ ਕੀਤੇ ਜਾਂਦੇ ਹਨ। ਇਹ ਮੱਛੀ ਪਿੰਡਾਂ ਦੇ ਛੱਪੜਾਂ ਵਿਚ ਪੈਦਾ ਹੋਣ ਵਾਲੇ ਲਾਰਵਿਆਂ ਨੂੰ ਖਾ ਜਾਂਦੀ ਹੈ। ਵਿਭਾਗ ਵੱਲੋਂ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਗੰਬੂਸ਼ੀਆ ਮੱਛੀ ਵੱਖ-ਵੱਖ ਪਿੰਡਾਂ ਦੇ ਛੱਪੜਾਂ ‘ਚ ਛੱਡੀ ਜਾ ਰਹੀ ਹੈ। 
ਇਸ ਤੋਂ ਇਲਾਵਾ ਡੇਂਗੂ, ਮਲੇਰੀਆ ਆਦਿ ਤੋਂ ਪੀੜਤ ਮਰੀਜ਼ਾਂ ਲਈ ਸਿਵਲ ਹਸਪਤਾਲ ਮਾਨਸਾ, ਸਬ ਡਵੀਜ਼ਨ ਹਸਪਤਾਲ ਬੁਢਲਾਡਾ, ਸਬ ਡਵੀਜ਼ਨ ਹਸਪਤਾਲ ਸਰਦੂਲਗੜ੍ਹ, ਸੀ.ਐਚ.ਸੀ. ਖਿਆਲਾ ਕਲਾਂ, ਭੀਖੀ ਅਤੇ ਬਰੇਟਾ ਵਿਖੇ ਵੀ ਵੱਖ-ਵੱਖ ਡੇਂਗੂ ਵਾਰਡ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਸਿਵਲ ਹਸਪਤਾਲ ਵਿਖੇ ਮੁਫ਼ਤ ਉਪਲਬਧ ਹੈ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਪ੍ਰਾਈਵੇਟ ਲੈਬਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਟੈਸਟ ਲਈ ਮਰੀਜ਼ ਤੋਂ 600 ਰੁਪਏ ਤੋਂ ਵੱਧ ਨਾ ਲੈਣ। 
ਇਸ ਮੌਕੇ ਸ੍ਰੀ ਨਵਦੀਪ ਕੁਮਾਰ ਨੇ ਨਗਰ ਕੌਂਸਲਾਂ ਅਤੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਇਲਾਕਿਆਂ ਵਿਚ ਮੱਛਰ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਜਾਰੀ ਰੱਖਣ ਤਾਂ ਜੋ ਡੇਂਗੂ, ਮਲੇਰੀਆ ਆਦਿ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਸਿੰਘ, ਐਮਪੀਡੀਮਾਲੋਜਿਸਟ ਸ੍ਰੀ ਸੰਤੋਸ਼ ਭਾਰਤੀ ਮੌਜੂਦ ਸਨ। 

LEAVE A REPLY

Please enter your comment!
Please enter your name here