

ਮਾਨਸਾ, 22 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮਾਜਸੇਵਾ ‘ਚ’ ਉੱਘੇ ਯੋਗਦਾਨੀ ਤੇ ਸ਼੍ਰੀ ਨੈਣਾਂ ਦੇਵੀ ਪਾਣੀ ਦਲ ਦੇ ਪ੍ਰਧਾਨ, ਸਨਾਤਨ ਧਰਮ ਸਭਾ ਦੇ ਅਗਜੈਕਟਿਵ ਮੈਂਬਰ ਸਵ: ਸ਼ਤੀਸ਼ ਕੁਮਾਰ ਸੇਠੀ ਦੇ ਸ਼ਰਧਾਂਜਲੀ ਸਮਾਗ਼ਮ ਚ ਏਮਜ਼ ਹਸਪਤਾਲ ਬਠਿੰਡਾ ਰਾਹੀਂ ਅੱਖਾਂ ਦਾਨ ਕਰਨ ਤੇ ਉਨਾਂ ਦੇ ਪਰਿਵਾਰ ਨੂੰ ਵਰਲਡ ਹਿਊਮਨ ਰਾਈਟਸ ਵੱਲੋਂ ਸਨਮਾਨਿਤ ਕੀਤਾ ਗਿਆ। ਉਨਾਂ ਦੇ ਦਾਨ ਕੀਤੇ ਨੇਤਰ (ਅੱਖਾਂ) ਨੇ ਕਿਸੇ ਦੀ ਜ਼ਿੰਦਗੀ ਚ ਰੌਸ਼ਨੀ ਲਿਆਂਦੀ ਹੈ ਤੇ ਉਹ ਇਸ ਸੰਸਾਰ ਨੂੰ ਇੰਨਾਂ ਅੱਖਾਂ ਨਾਲ ਦੇਖ ਸਕਣਗੇ। ਇਸ ਮੌਕੇ ਵਰਲਡ ਹਿਊਮਨ ਰਾਇਟਸ ਦੇ ਚੇਅਰਮੈਨ ਸੂਰਜ ਛਾਬੜਾ, ਪ੍ਰਧਾਨ ਰਾਜਿੰਦਰ ਗਰਗ, ਕ੍ਰਿਸ਼ਨ ਸੇਠੀ, ਰੋਹਿਤ ਭੰਮਾ ਐਡਵੋਕੇਟ, ਡਾ ਜਨਕ ਰਾਜ ਤੇ ਸੰਤ ਲਾਲ ਨੇ ਕਿਹਾ ਕਿ ਮਰਨ ਉਪਰੰਤ ਕੁੱਝ ਸਮੇਂ ਅੰਦਰ ਦਾਨ ਕੀਤੀਆਂ ਅੱਖਾਂ ਕਿਸੇ ਦੀ ਜਿੰਦਗੀ ਦਾ ਚਾਨਣ ਬਣਦੀਆਂ ਹਨ। ਸ਼ਤੀਸ਼ ਸੇਠੀ ਦੇ ਪਰਿਵਾਰ ਨੇ ਸਵ: ਸ਼ਤੀਸ਼ ਸੇਠੀ ਦੀਆਂ ਅੱਖਾਂ ਦਾਨ ਕਰਕੇ ਚੰਗੀ, ਉਸਾਰੂ ਤੇ ਮਾਨਵਤਾਵਾਦੀ ਸੋਚ ਦਿਖਾਈ ਹੈ ਤੇ ਇਹ ਇੱਕ ਵਿਗਿਆਨਿਕ ਸੋਚ ਦੀ ਉਪਜ ਹੈ। ਉਨਾਂ ਕਿਹਾ ਕਿ ਲੰਗਰ ਕਮੇਟੀ ਤੇ ਹੋਰ ਸੰਸਥਾਵਾਂ ਰਾਹੀਂ ਸਮਾਜਸੇਵਾ, ਧਾਰਮਿਕ ਪ੍ਰਵਿਰਤੀ ਰੱਖਣ ਵਾਲੇ ਸਵ: ਸ਼ਤੀਸ਼ ਸੇਠੀ ਇੱਕ ਸੰਵੇਦਨਸ਼ੀਲ, ਧਾਰਮਿਕ ਸ਼ਰਧਾ ਤੇ ਹਰ ਇੱਕ ਨਾਲ ਮੋਹ ਮੁਹੱਬਤ ਰੱਖਣ ਵਾਲੇ ਇਨਸਾਨ ਸਨ। ਜਿੰਨਾਂ ਦੇ ਕਾਰਜਾਂ, ਸੇਵਾਵਾਂ ਨੂੰ ਕਦੇਂ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਇੱਕ ਦਿਨ ਇਸ ਫਾਨੀ ਸੰਸਾਰ ਤੋਂ ਸਭ ਨੇ ਚਲੇ ਜਾਣਾ ਹੈ, ਪਰ ਕੁੱਝ ਵਿਅਕਤੀਆਂ ਦੇ ਕਾਰਜ ਤੇ ਸਮਾਜ ਚ ਪਾਏ ਮਾਨਵਤਾਵਾਦੀ ਯੋਗਦਾਨ ਵਜੋਂ ਉਨਾਂ ਦੇ ਚਲੇ ਜਾਣ ਉਪਰੰਤ ਵੀ ਯਾਦ ਕੀਤਾ ਜਾਂਦਾ ਹੈ। ਸਵ: ਸ਼ਤੀਸ਼ ਸੇਠੀ ਐਸੇ ਇਨਸਾਨ ਸਨ। ਗਊਸ਼ਾਲਾ ਭਵਨ ਮਾਨਸਾ ਵਿਖੇ ਉਨਾਂ ਨਮਿਤ ਰੱਖੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਚ ਉਨਾਂ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਵਪਾਰ ਮੰਡਲ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਸਾਰਾ ਯਹਾਂ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ, ਸ਼੍ਰੀ ਸ਼ਿਵ ਸੰਕਰ ਸੇਵਾ ਦਲ ਦੇ ਪ੍ਰਧਾਨ ਭੂਸ਼ਣ ਮੱਤੀ, ਰਾਕੇਸ਼ ਬਾਂਸਲ ਪਟਾਖਿਆਂ ਵਾਲੇ, ਰਾਜਿੰਦਰ ਗਰਗ ਬਲੂ ਹੈਵਨ ਕਾਲੌਨੀ, ਬਿੰਦਰਪਾਲ ਗਰਗ ਸਾਬਕਾ ਸਕੱਤਰ ਸਨਾਤਨ ਧਰਮ ਸਭਾ, ਪ੍ਰਵੀਨ ਟੋਨੀ ਸ਼ਰਮਾ ਪ੍ਰਧਾਨ ਸ਼੍ਰੀ ਸਤਿਗੁਰ ਸੇਵਾ ਟਰੱਸਟ, ਈਸ਼ਵਰ ਗੋਇਲ, ਬਲਜੀਤ ਧਾਲੀਵਾਲ ਠੇਕੇਦਾਰ, ਕਾਂਗਰਗੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਜੈਲਦਾਰ ਆਦਿ ਨੇ ਸ਼ਰਧਾਂਜਲੀ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।























