

ਮਾਨਸਾ, 08 ਮਾਰਚ (ਸਾਰਾ ਯਹਾ,(ਹੀਰਾ ਮਿੱਤਲ) : ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਮਾਨਸਾ ਵਿਖੇ ਬੀ.ਈ.ਈ. ਸ਼੍ਰੀ ਹਰਬੰਸ ਲਾਲ ਵੱਲੋਂ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਹਰਬੰਸ ਲਾਲ ਨੇ ਦੱਸਿਆ ਕਿ ਮੋਟਾਪਾ ਇੱਕ ਅਜਿਹੀ ਬਿਮਾਰੀ ਹੈ, ਜਿਸ ਨਾਲ ਅੱਜ ਕਰੀਬ ਹਰ ਪੰਜਵਾਂ ਵਿਅਕਤੀ ਜੂਝ ਰਿਹਾ ਹੈ ਅਤੇ ਮੋਟਾਪਾ ਆਪਣੇ ਨਾਲ ਹੋਰ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵਿੱਚ ਇਹ ਮੋਟਾਪਾ ਖਾਨਦਾਨੀ ਹੁੰਦਾ ਹੈ ਪਰ ਜ਼ਿਆਦਾਤਰ ਲੋਕ ਬਦਲੀ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਆਮ ਨਾਲੋਂ ਵੱਧ ਵਜ਼ਨ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸਰੀਰ ਵਿੱਚ ਚਰਬੀ ਦਾ ਅਨੁਪਾਤ ਜ਼ਿਆਦਾ ਹੋਣ ਨਾਲ ਮਾਸ਼ਪੇਸ਼ੀਆਂ ਦੇ ਨਾਲ-ਨਾਲ ਤੁਹਾਡੇ ਅੰਦਰੂਨੀ ਅੰਗਾਂ ‘ਤੇ ਵੀ ਦਬਾਅ ਵਧਦਾ ਹੈ, ਜਿਸ ਨਾਲ ਸਰੀਰ ਵਿੱਚ ਸੋਜ ਵੱਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੋਟਾਪਾ ਸ਼ੂਗਰ ਰੋਗ ਦਾ ਕਾਰਨ ਵੀ ਬਣਦਾ ਹੈ।
ਸ਼੍ਰੀ ਹਰਬੰਸ ਲਾਲ ਨੇ ਦੱਸਿਆ ਕਿ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਸੁਧਾਰ ਕਰ ਕੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਕੇ ਇਸ ਰੋਗ ਤੋਂ ਮੁਕਤੀ ਪਾਈ ਜਾ ਸਕਦੀ ਹੈ। ਜ਼ਿਆਦਾ ਤਲੇ ਭੋਜਨ ਜਾਂ ਜ਼ਰੂਰਤ ਤੋਂ ਜ਼ਿਆਦਾ ਭੋਜਨ ਕਰਨਾ, ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣਾ, ਸਰੀਰਕ ਮਿਹਨਤ ਵਾਲੇ ਕੰਮ ਘੱਟ ਕਰਨਾ, ਲੋੜੀਂਦੀ ਮਾਤਰਾ ਵਿੱਚ ਨੀਂਦ ਨਾ ਲੈਣਾ, ਤਣਾਅ ਵਿੱਚ ਰਹਿਣਾ, ਜ਼ਿਆਦਾ ਸਮਾਂ ਖਾਲੀ ਰਹਿਣਾ ਅਤੇ ਜ਼ਰੂਰਤ ਤੋਂ ਜ਼ਿਆਦਾ ਸੌਣਾ, ਕਸਰਤ ਨਾ ਕਰਨਾ ਆਦਿ ਮੋਟਾਪੇ ਦੇ ਕਾਰਨ ਹਨ।
ਉਨ੍ਹਾਂ ਦੱਸਿਆ ਕਿ ਮੋਟਾਪਾ ਘਟਾਉਣ ਲਈ ਪੌਸ਼ਟਿਕ ਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ। ਬਾਹਰ ਦਾ ਖਾਣਾ ਬੰਦ ਕਰਨਾ ਚਾਹੀਦਾ ਹੈ ਅਤੇ ਤੇਲ ਵਾਲੇ ਪਦਾਰਥ ਘੱਟ ਤੋਂ ਘੱਟ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਫਾਸਟ ਫੂਡ ਅਤੇ ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਸਰਤ, ਸੈਰ, ਯੋਗਾ, ਖੇਡ ਕੁੱਦ ਜਾਂ ਡਾਂਸ ਨੂੰ ਆਪਣੀ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਪ੍ਰਿੰਸੀਪਲ ਪਦਮਨੀ ਨੇ ਕਿਹਾ ਕਿ ਘੁੰਮਣ, ਸਾਈਕਲ ਚਲਾਉਣਾ ਜਾਂ ਕਸਰਤ ਕਰਨ ਨਾਲ ਨੀਂਦ ‘ਤੇ ਸਕਾਰਾਤਮਕ ਅਸਰ ਪੈਂਦਾ ਹੈ। ਸ਼ਾਮ ਨੂੰ ਖੇਡਣ ਨਾਲ ਨੀਂਦ ਜ਼ਿਆਦਾ ਡੂੰਘੀ ਹੁੰਦੀ ਹੈ। ਜਿਹੜੇ ਲੋਕ ਸ਼ਾਮ ਦੇ ਸਮੇਂ ਕਿਸੇ ਤਰ੍ਹਾਂ ਦੀ ਸਰੀਰਕ ਗਤੀਵਿਧੀ ਵਾਲੀ ਖੇਡ ਖੇਡਦੇ ਹਨ, ਉਨ੍ਹਾਂ ਦੀ ਨੀਂਦ ਡੂੰਘੀ ਆਉਂਦੀ ਹੈ।
EDITED BY : SARA YAHA | | Last Updated : 7:14 pm 8 ਮਾਰਚ 2019























