

ਮਾਨਸਾ, 17 ਮਈ (ਹੀਰਾ ਸਿੰਘ ਮਿੱਤਲ) : ਨੌਜਵਾਨ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੇ ਮੰਤਵ ਨਾਲ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਕੂਲਾਂ ਅਤੇ ਕਾਲਜਾਂ ਦੇ ਮੁਖੀਆਂ ਦੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਜਿਨ੍ਹਾਂ ਵੀ ਵਿਦਿਆਰਥੀਆਂ ਦੀ ਵੋਟ ਬਣਨਯੋਗ ਹੈ, ਉਨ੍ਹਾਂ ਦੀਆਂ ਵੋਟਾਂ ਬਣਾਉਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੈ, ਦਾ ਫਾਰਮ ਨੰਬਰ 6 ਭਰ ਕੇ ਉਨ੍ਹਾਂ ਦੀਆਂ ਵੋਟਾਂ ਬਣਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ 1 ਜਨਵਰੀ 2019 ਨੂੰ 18 ਸਾਲ ਦੇ ਹੋ ਜਾਣਗੇ, ਉਨ੍ਹਾਂ ਪਾਸੋਂ ਵੀ ਫਾਰਮ ਨੰਬਰ 6 ਭਰਵਾਏ ਜਾਣ। ਡਿਪਟੀ ਕਮਿਸ਼ਨਰ ਨੇ ਸਕੂਲਾਂ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਇਸ ਸਬੰਧੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਚੋਣ ਦਫ਼ਤਰ ਵਿਖੇ ਭੇਜੀ ਜਾਵੇ।
ਤਹਿਸੀਲਦਾਰ ਚੋਣਾਂ ਸ਼੍ਰੀ ਭਾਰਤ ਭੂਸ਼ਨ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਨੰਬਰ 6 ਭਰਵਾ ਕੇ ਉਸ ਨਾਲ 1 ਰੰਗਦਾਰ ਫੋਟੋ, ਜਨਮ ਮਿਤੀ ਦਾ ਸਬੂਤ ਅਤੇ ਵਿਦਿਆਰਥੀ ਦੇ ਮਾਤਾ ਜਾਂ ਪਿਤਾ ਦੇ ਵੋਟਰ ਸ਼ਨਾਖ਼ਤੀ ਕਾਰਡ ਦੀ ਕਾਪੀ ਲਗਵਾਈ ਜਾਵੇ ਅਤੇ ਫਾਰਮ ‘ਤੇ ਇਹ ਰਿਪੋਰਟ ਕੀਤੀ ਜਾਵੇ ਕਿ ਰਿਕਾਰਡ ਅਨੁਸਾਰ ਵਿਦਿਆਰਥੀ ਦੀ ਉਮਰ ਅਤੇ ਰਿਹਾਇਸ਼ ਤਸਦੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਪਾਸੋਂ ਫਾਰਮ ਨੰਬਰ 6 ਪ੍ਰਾਪਤ ਕਰ ਲਏ ਜਾਣ, ਉਨ੍ਹਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਹ ਬੂਥ ਲੈਵਲ ਅਫ਼ਸਰ ਜਾਂ ਕਿਸੇ ਹੋਰ ਅਧਿਕਾਰੀ ਨੂੰ ਦੋਬਾਰਾ ਫਾਰਮ ਨੰਬਰ 6 ਨਾ ਭਰ ਕੇ ਦੇਣ, ਤਾਂ ਜੋ ਡੁਪਲੀਕੇਸੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਮੌਜੂਦ ਸਨ।






















