

ਮਾਨਸਾ, 17 ਮਈ (ਹੀਰਾ ਸਿੰਘ ਮਿੱਤਲ ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਵਾ ਕੇਂਦਰ ਠੂਠਿਆਂ ਵਾਲੀ ਵਿਖੇ ਓ.ਓ.ਏ.ਟੀ. (ਦ ਆਊਟ ਪੇਸੈਂਟ ਓਪਿਓਡ ਅਸੀਸਟਡ ਟਰੀਟਮੈਂਟ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਨੇ ਕਿਹਾ ਕਿ ਇਸ ਪ੍ਰੋਗਰਾਮ ਅਧੀਨ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਇਹ ਦਵਾਈ ਹੈਰੋਇਨ ਜਾਂ ਅਫੀਮ ਅਤੇ ਇਸਤੋਂ ਤਿਆਰ ਪਦਾਰਥਾਂ ਤੋਂ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ, ਤਾਂ ਜੋ ਉਸਨੂੰ ਨਸ਼ੇ ਦੀ ਆਦਤ ਤੋਂ ਛੁਟਕਾਰਾ ਦਿਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਇਹ ਦਵਾਈ ਸ਼ੁਰੂ ਕਰਵਾਉਣ ਲਈ ਮਰੀਜ਼ ਆਪਣੇ ਨੇੜੇ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਆਪਣਾ ਇਲਾਜ਼ ਸ਼ੁਰੂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪਹਿਲੇ 2 ਜਾਂ 4 ਦਿਨ ਮਨੋਚਿਕਤਿਸਾ ਦੇ ਮਾਹਿਰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ ਅਤੇ ਇਸ ਉਪਰੰਤ ਓ.ਓ.ਏ.ਟੀ. ਕਲੀਨਿਕ ਵਿੱਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਵੇ ਉਸਤੌਂ ਬਾਅਦ ਡਾਕਟਰ ਕੋਲ ਜਾ ਕੇ ਸੰਪਰਕ ਕਰੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦਾ ਟੈਸਟ ਹੈਰੋਇਨ ਪੋਜ਼ਿਟਿਵ ਆਉਂਦਾ ਹੈ, ਤਾਂ ਹੀ ਇਹ ਦਵਾਈ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਦਵਾਈ ਮਨੋਚਿਕਤਸਕ ਡਾਕਟਰ ਦੀ ਨਿਗਰਾਨੀ ਹੇਠ ਤਿੰਨ ਚਾਰ ਦਿਨ ਸਰਕਾਰੀ ਨਸ਼ਾ ਮੁਕਤੀ ਅਤੇ ਮੁੜ ਵਸੇਵਾ ਕੇਂਦਰ ਵਿੱਚ ਆਉਣ ‘ਤੇ ਪਾਊਡਰ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਹ ਦਵਾਈ 10-15 ਮਿੰਟ ਜੀਭ ਹੇਠਾਂ ਰੱਖਣ ‘ਤੇ ਇਹ ਦਵਾਈ ਜੀਭ ਦੀਆਂ ਨਾੜਾਂ ਰਾਹੀਂ ਖੂਨ ਵਿੱਚ ਚੱਲੀ ਜਾਂਦੀ ਹੈ। ਦਵਾਈ ਦੇਣ ਮੌਕੇ ਮਰੀਜ਼ ਨੂੰ ਬਿਨ੍ਹਾਂ ਬੋਲੇ ਸਿਰ ਥੱਲੇ ਕਰਕੇ ਦਵਾਈ ਜੀਭ ਥੱਲੇ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਵਾਈ ਖਾਣ ਤੋਂ ਇੱਕ ਘੰਟਾ ਬਾਅਦ ਮਰੀਜ਼ ਨੂੰ ਸੈਂਟਰ ਵਿੱਚ ਰੁਕਣਾ ਪੈਂਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਪ੍ਰਸਿੱਧ ਮਨੋਰੋਗ ਮਾਹਿਰ ਡਾ. ਸ਼ਵੀ, ਡਾ. ਫਜ਼ਲ ਸਿੰਘ ਸੰਘਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮੰਦਰ ਸਿੰਘ ਅਤੇ ਬੀ.ਈ.ਈ. ਸ਼੍ਰੀ ਹਰਬੰਸ ਲਾਲ ਮੌਜੂਦ ਸਨ।
FIRST PUBLISHED BY : SARA YAHA






















