

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁਰਾਸੀ ਸਿੱਖ ਕਤਲੇਆਮ ਕੇਸ ਵਿੱਚ ਇਤਿਹਾਸਕ ਫੈਸਲੇ ਦਾ ਸਵਾਗਤ ਕਰਦਿਆਂ ਲੰਬੀ ਲੜਾਈ ਲੜਨ ਵਾਲੇ ਗਵਾਹਾਂ ਤੇ ਵਕੀਲਾਂ ਦਾ ਸਨਮਾਣ ਕਰਨ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 26 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਰੇ ਹੀ ਗਵਾਹਾਂ ਤੇ ਵਕੀਲਾਂ ਦਾ ਸਨਮਾਣ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਕੀਲਾਂ ਵਿੱਚ ਆਰਐਸ ਚੀਮਾ ਤੇ ਹਰਵਿੰਦਰ ਸਿੰਘ ਫੂਲਕਾ ਦਾ ਖਾਸ ਯੋਗਦਾਨ ਰਿਹਾ ਹੈ। ਲੌਂਗੋਵਾਲ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਕੇਸਾਂ ਵਿੱਚ ਵਕੀਲਾਂ ਤੇ ਗਵਾਹਾਂ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਪਵੇਗੀ, ਸ਼੍ਰੋਮਣੀ ਕਮੇਟੀ ਹਰ ਮਦਦ ਮੁਹੱਈਆ ਕਰਵਾਏਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਆਈਐਸਆਈ ਦੀ ਸਾਜ਼ਿਸ਼ ਦੱਸਣ ਵਾਲੇ ਬਿਆਨ ਦੀ ਲੌਂਗੋਵਾਲ ਨੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਬਾਰੇ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ।
EDITED BY : SARA YAHA | | Last Updated : 7:33 PM 19 ਦਸੰਬਰ 2018
























