

ਮਾਨਸਾ, 6 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਸ਼ਹਿਰ ਨੂੰ ਸਾਫ਼-ਸੁਥਰੀ ਦਿੱਖ ਪ੍ਰਦਾਨ ਕਰਨ ਅਤੇ ਸਵੱਛ ਵਾਤਾਵਰਨ ਸਿਰਜਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਵੱਲੋਂ ਵਿੱਢੇ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਦੇ ਤੀਸਰੇ ਹਫ਼ਤੇ ਵੀ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਸਾਫ਼-ਸਫਾਈ ਕੀਤੀ ਗਈ। ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਸ਼ਨੀਵਾਰ ਸ਼੍ਰਮਦਾਨ ਮਿਸ਼ਨ 23 ਮਾਰਚ ਤੋਂ ਸ਼ੁਰੂ ਕੀਤਾ ਗਿਆ ਅਤੇ ਅੱਜ ਇਸ ਦੇ ਤੀਜੇ ਹਫ਼ਤੇ ਵੀ ਪੂਰੀ ਤਨਦੇਹੀ ਅਤੇ ਉਤਸ਼ਾਹ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਸਫਾਈ ਮਿਸ਼ਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਗਿਆ।
ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣਾ ਹਰੇਕ ਨਾਗਰਿਕ ਦਾ ਫਰਜ਼ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਹੀ ਇਸ ਫਿਜ਼ਾ ਵਿੱਚ ਸਾਂਹ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣਾ ਜ਼ਿੰਮੇਵਾਰੀ ਸਮਝ ਕੇ ਆਪਣਾ ਆਲਾ-ਦੁਆਲਾ ਸਾਫ ਰੱਖੇਗਾ, ਤਾਂ ਜਿੱਥੇ ਗੰਦਗੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲੇਗੀ, ਉਥੇ ਹੀ ਅਸੀਂ ਸਾਰੇ ਕੁਦਰਤੀ ਸੁਹੱਪਣ ਦਾ ਆਨੰਦ ਮਾਣ ਸਕਾਂਗੇ। ਉਨ੍ਹਾਂ ਕਿਹਾ ਕਿ 6 ਹਫਤਿਆਂ ਲਈ ਚਲਾਈ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਵੀ ਸਾਫ-ਸੁਥਰਾ ਵਾਤਾਵਰਨ ਸਿਰਜਨ ਵਾਲੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ।
ਸ਼ਨੀਵਾਰ ਸ਼੍ਰਮਦਾਨ ਮਿਸ਼ਨ ਦੇ ਤੀਜੇ ਹਫ਼ਤੇ ਅੱਜ ਪੋਹ ਫੱਟਦੇ ਹੀ ਜ਼ਿਲ੍ਹਾ ਅਧਿਕਾਰੀ ਅਤੇ ਕਰਮਚਾਰੀ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਸਾਫ਼-ਸਫਾਈ ਕਰਨ ਲਈ ਪੁੱਜ ਚੁੱਕੇ ਸਨ। ਇਸੇ ਲੜੀ ਤਹਿਤ ਜਿੱਥੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਫ਼-ਸਫਾਈ ਕੀਤੀ ਗਈ, ਉਥੇ ਹੀ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਦੀ ਅਗਵਾਈ ਹੇਠ ਭੀਖੀ ਸ਼ਹਿਰ ਵਿਖੇ ਇਸ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਸ਼੍ਰੀ ਨਵਦੀਪ ਕੁਮਾਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰੀ ਰੂਪ ਪ੍ਰਦਾਨ ਕਰਨ ਵਿੱਚ ਕਿਸੇ ਨੂੰ ਝਿਝਕ ਨਹੀਂ ਮੰਨਣੀ ਚਾਹੀਦੀ ਸਗੋਂ ਇਸ ਸਫਾਈ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਉਧਰ ਦੂਜੇ ਪਾਸੇ ਸਿਵਲ ਸਰਜਨ ਸ਼੍ਰੀ ਲਾਲ ਚੰਦ ਠਕਰਾਲ ਦੀ ਅਗਵਾਈ ਹੇਠ ਬੁਢਲਾਡਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਕੂੜਾ-ਕਰਕਟ ਸਾਫ਼ ਕੀਤਾ ਗਿਆ। ਇਸਦੇ ਨਾਲ ਹੀ ਮਾਨਸਾ ਸ਼ਹਿਰ ਦੇ ਬੱਸ ਸਟੈਂਡ ਨੇੜਿਓਂ ਸੁਪਰਡੈਂਟ ਸ਼੍ਰੀ ਰਮੇਸ਼ ਬੱਸੀ ਅਤੇ ਸੁਪਰਡੈਂਟ ਸ਼੍ਰੀਮਤੀ ਅੰਮ੍ਰਿਤ ਪਾਲ ਕੌਰ ਦੀ ਅਗਵਾਈ ਹੇਠ ਬਣੀ ਟੀਮ ਵੱਲੋਂ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ।























