

ਦਿਨੋਂ ਦਿਨ ਵਧ ਰਹੀ ਗਰਮੀ ਕਰਕੇ ਇਸ ਸਮੇਂ ਪੂਰੇ ਦੇਸ਼ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ।ਦੇਸ਼ ਦੇ ਕਈ ਰਾਜਾਂ ਵਿੱਚ ਸੋਕੇ ਦੇ ਹਾਲਾਤ ਪੈਦਾ ਹੋਣ ਕਾਰਨ ਹਾਹਾਕਾਰ ਮੱਚੀ ਹੋਈ ਹੈ । ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਨਾ ਹੋਣ ਕਰਕੇ ਉਹ ਮਜਬੂਰੀ ਵੱਸ ਦੂਸਰੇ ਰਾਜਾਂ ਨੂੰ ਰੁੱਖ ਕਰ ਰਹੇ ਹਨ । ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਵਿੱਚ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿੱਥੇ ਪੰਜਾਬ ਦਾ ਪਾਣੀ ਵੱਖ ਵੱਖ ਢੰਗ ਤਰੀਕਿਆਂ ਨਾਲ ਦੂਸ਼ਿਤ ਹੋ ਰਿਹਾ ਹੈ ਉੱਥੇ ਹੀ ਸੂਬੇ ਦੇ ਲੋਕ ਪਾਣੀ ਦੀ ਇੰਨੀ ਜ਼ਿਆਦਾ ਦੁਰਵਰਤੋਂ ਕਰ ਰਹੇ ਹਨ ਕਿ ਧਰਤੀ ਵਿਚਲਾ ਪਾਣੀ ਬਹੁਤ ਜ਼ਿਆਦਾ ਡੂੰਘਾਈ ਤੇ ਚਲਾ ਗਿਆ ਹੈ। ਮਾਹਿਰਾਂ ਦੀ ਇੱਕ ਰਿਪੋਰਟ ਅਨੁਸਾਰ 2030 ਤੱਕ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਜਾਣ ਦੇ ਸ਼ੰਕੇ ਜਤਾਏ ਜਾ ਰਹੇ ਹਨ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਪੀਣ ਲਈ ਅਤੇ ਸਿੰਚਾਈ ਲਈ ਪਹਿਲਾਂ ਹੀ ਨਹਿਰੀ ਪਾਣੀ ਦੀ ਕਾਫੀ ਕਮੀ ਆ ਰਹੀ ਹੈ। ਕਿਸਾਨ ਸਿੰਚਾਈ ਲਈ, ਕਾਰਖਾਨੇ ਤੇ ਫੈਕਟਰੀਆਂ ਵਾਲੇ ਆਪਣੇ ਉਦਯੋਗਾਂ ਲਈ ਧਰਤੀ ਹੇਠਲੇ ਪਾਣੀ ਨੂੰ ਵੱਡੀ ਮਾਤਰਾ ਵਿੱਚ ਬਾਹਰ ਕੱਢ ਰਹੇ ਹਨ। ਜਿਸ ਕਰਕੇ ਧਰਤੀ ਹੇਠਲਾ ਪਾਣੀ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਬੇਸ਼ੱਕ ਸਰਕਾਰ ਨੇ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਰੋਕਣ ਲਈ ਕਾਨੂੰਨ ਬਣਾਏ ਤੇ ਹੁਕਮ ਜਾਰੀ ਕੀਤੇ ਪਰ ਉਨ੍ਹਾਂ ਕਾਨੂੰਨਾਂ ਅਤੇ ਹੁਕਮਾਂ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ। ਪਾਣੀ ਦੀ ਇਸ ਕਿੱਲਤ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ 2015 ਵਿੱਚ ਪੱਤਰ ਨੰਬਰ 5/50/2015-5 ਸਸ4/741830 ਰਾਹੀ ਪੀਣ ਵਾਲੇ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਸਮੂਹ ਨਗਰ ਨਿਗਮਾਂ ਦੇ ਮੇਅਰ, ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰ , ਸਮੂਹ ਰਿਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਕਾਰਜ ਸਾਧਕ ਅਫ਼ਸਰ ਆਦਿ ਨੂੰ ਪੱਤਰ ਜਾਰੀ ਕਰਕੇ ਲਿਖਿਆ ਗਿਆ ਸੀ ਕਿ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਸਬੰਧੀ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਭਵਿੱਖ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਆਵੇ। ਇਸ ਦੇ ਮੱਦੇਨਜ਼ਰ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਰੋਕਣ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿੱਧੇ ਪਾਇਪ ਲਗਾਕੇ ਗੱਡੀਆਂ ਧੋਣ, ਫਰਸ਼/ ਵਹਿੜਾ ਧੋਣ ਅਤੇ ਪੀਣ ਵਾਲੇ ਪਾਣੀ ਨੂੰ ਬਗੀਚੀਆਂ ਆਦਿ ਚ ਲਗਾਉਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ । ਇਸ ਦੀ ਪਹਿਲੀ ਵਾਰ ਉਲੰਘਣਾ ਕਰਨ ਤੇ 1000 ਰੁਪਏ, ਦੂਸਰੀ ਵਾਰ ਉਲੰਘਣਾ ਕਰਨ ਤੇ 2000 ਰੁਪਏ ਤੀਸਰੀ ਵਾਰ ਉਲੰਘਣਾ ਕਰਨ ਤੇ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਣ ਅਤੇ 5000 ਰੁਪਏ ਜੁਰਮਾਨਾ ਲਗਾਕੇ ਮੁੜ ਕੁਨੈਕਸ਼ਨ ਲਗਾਇਆ ਜਾਵੇਗਾ।ਉਕਤ ਕਾਨੂੰਨ ਅਤੇ ਹੁਕਮਾਂ ਦਾ ਕਿੰਨਾ ਪਾਲਣ ਕੀਤਾ ਗਿਆ ਇਸ ਬਾਰੇ ਅਸੀਂ ਸਭ ਜਾਣਦੇ ਹਾਂ । ਪਾਣੀ ਦੀ ਦੁਰਵਰਤੋਂ ਇਸ ਕਦਰ ਹੋ ਰਹੀ ਹੈ ਕਿ ਲੋਕ ਧਰਤੀ ਹੇਠਲੇ ਪਾਣੀ ਨੂੰ ਮੋਟਰਾਂ ਆਦਿ ਨਾਲ ਖਿੱਚ ਕੇ ਗੱਡੀਆਂ ਫਰਸ਼ ਧੋ ਰਹੇ ਹਨ। ਸਰਕਾਰ ਵੱਲੋਂ ਕਿਸੇ ਤੇ ਕਦੇ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।ਸੂਬੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਲੱਗੇ ਦਰਜਨਾਂ ਆਰਓ ਪਲਾਂਟਾਂ ਰਾਹੀਂ ਧਰਤੀ ਵਿੱਚੋਂ ਲੱਖਾਂ ਲੀਟਰ ਪਾਣੀ ਰੋਜ਼ਾਨਾ ਖਿੱਚਿਆ ਜਾ ਰਿਹਾ ਹੈ। ਇਨ੍ਹਾਂ ਆਰਓ ਪਲਾਂਟਾਂ ਵੱਲੋਂ ਧਰਤੀ ਵਿੱਚੋਂ ਖਿੱਚੇ ਪਾਣੀ ਨੂੰ ਸੋਧਣ ਤੋਂ ਬਾਅਦ ਵੇਸਟਿੰਗ ਪਾਣੀ ਨੂੰ ਸੀਵਰੇਜ ਦੇ ਪਾਣੀ ਵਿੱਚ ਛੱਡ ਦਿੱਤਾ ਜਾਂਦਾ ਹੈ ਜੋ ਗਲਤ ਹੈ ਜੇਕਰ ਇਸ ਪਾਣੀ ਨੂੰ ਧਰਤੀ ਵਿੱਚ ਹੀ ਛੱਡਿਆ ਜਾਵੇ ਤਾਂ ਕੁਝ ਹੱਦ ਤੱਕ ਧਰਤੀ ਹੇਠਲੇ ਪਾਣੀ ਨੂੰ ਡੂੰਘੇ ਹੋਣ ਤੋ ਬਚਾਇਆ ਜਾ ਸਕਦਾ ਹੈ। ਲੋਕਾਂ ਨੂੰ ਜਾਗਰੂਕ ਕਰਕੇ ਬਰਸਾਤ ਦੇ ਪਾਣੀ ਨੂੰ ਵੀ ਧਰਤੀ ਅੰਦਰ ਸੁੱਟਕੇ ਪਾਣੀ ਦੇ ਪੱਧਰ ਨੂੰ ਠੀਕ ਕੀਤਾ ਜਾ ਸਕਦਾ ਹੈ। ਆਮ ਲੋਕਾਂ ਚ ਜਾਗਰੂਕਤਾ ਦੀ ਘਾਟ ਹੈ। ਸਰਮਾਏਦਾਰ ਤੇ ਪੂੰਜੀਪਤੀ ਆਪਣੇ ਨਿਜੀ ਸਵਾਰਥਾ ਲਈ ਸਾਡੇ ਪਾਣੀ ਨੂੰ ਦੂਸਿਤ ਕਰ ਰਹੇ ਹਨ। ਦਿਨੋ-ਦਿਨ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਗੰਭੀਰ ਹੁੰਦਾ ਜਾ ਰਿਹਾ ਹੈ ਪਰ ਸਾਡੀਆਂ ਸਰਕਾਰ ਤੇ ਸਬੰਧਤ ਵਿਭਾਗ ਪਤਾ ਨਹੀਂ ਕਿਉਂ ਸਭ ਕੁਝ ਚੁੱਪ-ਚਾਪ ਵੇਖ ਰਹੇ ਹਨ। ਜੇਕਰ ਪਾਣੀ ਵਰਗੇ ਅਹਿਮ ਮੁੱਦੇ ਨੂੰ ਸਰਕਾਰਾਂ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਦਿਨ ਦੂਰ ਨਹੀਂ ਕਿ ਪਾਣੀ ਲਈ ਘਰਾਂ,ਗੁਆਂਢ, ਪਿੰਡਾਂ ਤੋ ਸੁਰੂ ਹੋਈ ਆਪਸੀ ਲੜਾਈ ਕਦੋ ਰਾਜਾਂ ਅਤੇ ਦੇਸ਼ਾਂ ਨੂੰ ਆਪਣੀ ਲਪੇਟ ਚ ਲੈਕੇ ਵਿਸਵ ਯੁੱਧ ਛੇੜ ਦੇਵੇ।
ਬਲਜੀਤ ਪਾਲ
ਸਰਦੂਲਗੜ੍ਹ 98725-98525ss























