

ਮਾਨਸਾ, 19 ਜੂਨ ( ਸਾਰਾ ਯਹਾ ,(ਬਲਜੀਤ ਸ਼ਰਮਾ) ) : ਖੇਤੀ ਸਹਾਇਕ ਧੰਦੇ ਵਜੋਂ ਬੱਕਰੀ ਪਾਲਣ ਨੂੰ ਉਤਸਾਹਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸਾਂ ਅਧੀਨ ਵੈਟਰਨਰੀ ਪੋਲੀਕਲੀਨਿਕ ਮਾਨਸਾ ਵਿਖੇ 18 ਤੇ 19 ਜੂਨ ਨੂੰ ਦੋ ਰੋਜਾ ਬੱਕਰੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਡਾ. ਗੁਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਕੁੱਲ 179 ਕਿਸਾਨਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਵਿਭਾਗ ਦੇ ਮਾਹਿਰਾਂ ਵੱਲੋਂ ਬੱਕਰੀ ਪਾਲਣ ਦੇ ਧੰਦੇ ਨੂੰ ਆਧੁਨਿਕ ਤਰੀਕੇ ਨਾਲ ਵਪਾਰਕ ਪੱਧਰ ‘ਤੇ ਅਪਣਾਉਣ ਲਈ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਬੱਕਰੀ ਪਾਲਣ ਲਈ 1 ਲੱਖ ਰੁਪਏ ਦਾ ਕਰਜ਼ਾ ਲਿਆ ਜਾ ਸਕਦਾ ਹੈ, ਜਿਸ ਵਿੱਚ ਐਸ.ਸੀ. ਵਰਗ ਲਈ 33 ਫੀਸਦੀ ਅਤੇ ਆਮ ਵਰਗਾਂ ਲਈ 25 ਫੀਸਦੀ ਸਬਸਿਡੀ ਮਿਲਦੀ ਹੈ। ਅੱਜ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਾ. ਵਾਲੀਆ ਵੱਲੋਂ ਟਰੇਨਿੰਗ ਕਰਨ ਵਾਲੇ ਕਿਸਾਨਾਂ ਨੂੰ ਸਿਖਲਾਈ ਸਰਟੀਫਿਕੇਟ ਵੀ ਵੰਡੇ ਗਏ। ਇਸ ਸਿਖਲਾਈ ਕੈਂਪ ਵਿੱਚ ਡਾ. ਸਤੀਸ਼ ਕੁਮਾਰ ਸੀਨੀਅਰ ਵੈਟਰਨਰੀ ਅਫ਼ਸਰ ਸਰਦੂਲਗੜ੍ਹ, ਡਾ. ਕਮਲ ਗੁਪਤਾ ਵੈਟਰਨਰੀ ਅਫ਼ਸਰ ਫਫੜੇ ਭਾਈਕੇ, ਡਾ. ਬਲਵਿੰਦਰ ਸਿੰਘ ਵੈਟਰਨਰੀ ਅਫ਼ਸਰ ਉੱਭਾ, ਡਾ. ਰਾਕੇਸ਼ ਕੁਮਾਰ ਵੈਟਰਨਰੀ ਅਫ਼ਸਰ ਰੱਲਾ, ਡਾ. ਰਵੀ ਭੂਸ਼ਨ ਵੈਟਰਨਰੀ ਅਫ਼ਸਰ ਦਲੇਲਵਾਲਾ, ਡਾ. ਵਿਕਰਮਜੀਤ ਵੈਟਰਨਰੀ ਅਫ਼ਸਰ ਰਿਉਂਦ ਕਲਾਂ, ਡਾ. ਸਨੀ ਗੋਇਲ ਵੈਟਰਨਰੀ ਅਫ਼ਸਰ ਸੱਦਾ ਸਿੰਘ ਵਾਲਾ ਨੇ ਬੱਕਰੀ ਪਾਲਣ ਦੇ ਕਿੱਤੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀ ਨਛੱਤਰ ਸਿੰਘ ਵੈਟਰਨਰੀ ਇੰਸਪੈਕਟਰ ਵੀ ਮੌਜੂਦ ਸਨ।























