

ਮਾਨਸਾ, (ਸਾਰਾ ਯਹਾ )- ਵਿਜੀਲੈਂਸ ਵਿਭਾਗ ਦੀਅਾਂ ਟੀਮਾਂ ਵਲੋਂ 108 ਨੰ. ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਐਂਬੂਲੈਂਸਾਂ ’ਚ ਸਰਕਾਰੀ ਹਦਾਇਤਾਂ ਦੇ ਉਲਟ ਕਾਫੀ ਤਰੁੱਟੀਅਾਂ ਦੇਖੀਅਾਂ ਗਈਅਾਂ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ 108 ਐਂਬੂਲੈਂਸਾਂ ਦੀ ਅਚਨਚੇਤ ਕੀਤੀ ਚੈਕਿੰਗ ਦੌਰਾਨ ਇਨ੍ਹਾਂ ਗੱਡੀਆਂ ’ਚ ਅੱਗ ਬੁਝਾਊ ਜੰਤਰ ਖਰਾਬ ਸਨ ਤੇ ਆਕਸੀਜਨ ਸਿਸਟਮ ਵੀ ਕਾਫੀ ਗੱਡੀਆਂ ਵਿਚ ਕੰਮ ਨਹੀਂ ਸੀ ਕਰ ਰਿਹਾ। ਗੱਡੀਆਂ ਦੀ ਹਾਲਤ ਅਤੇ ਸਫਾਈ ਦਾ ਕੰਮ ਵੀ ਠੀਕ ਨਹੀਂ ਸੀ ਅਤੇ ਆਖਰੀ ਸਰਵਿਸ ਰਿਕਾਰਡ, ਪ੍ਰਦੂਸ਼ਣ, ਇੰਸ਼ੋਰੈਂਸ ਸਰਟੀਫਿਕੇਟ ਵੀ ਵਹੀਕਲਾਂ ਵਿਚ ਨਹੀਂ ਸਨ, ਰਜਿਸਟਰੇਸ਼ਨ ਸਰਟੀਫਿਕੇਟਾਂ ਦੀਆਂ ਸਿਰਫ ਫੋਟੋ ਕਾਪੀਅਾਂ ਹੀ ਸਨ। ਇਸ ਤੋਂ ਇਲਾਵਾ ਜ਼ਿਆਦਾਤਰ ਡਰਾਈਵਰਾਂ ਨੇ ਵਰਦੀ ਵੀ ਨਹੀਂ ਸੀ ਪਾਈ ਹੋਈ। ਚੈਕਿੰਗ ਦੌਰਾਨ ਇੰਨਾਂ ਗੱਡੀਅਾਂ ਦੇ ਸਟਾਫ ਵਲੋਂ ਵੀ ਵਿਜੀਲੈਂਸ ਟੀਮਾਂ ਕੋਲ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਲਏ ਜਾ ਰਹੇ ਕੰਮ ਬਦਲੇ ਤਨਖਾਹ ਬਹੁਤ ਘੱਟ ਦਿੱਤੀ ਜਾਂਦੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਵਿਜੀਲੈਂਸ ਰੇਂਜ ਬਠਿੰਡਾ ਦੇ ਐੱਸ. ਐੱਸ. ਪੀ. ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਮੁੱਖ ਡਾਇਰੈਕਟਰ ਵਿਜੀਲੈਂਸ ਪੰਜਾਬ ਚੰਡੀਗਡ਼੍ਹ ਦੀਅਾਂ ਹਦਾਇਤਾਂ ’ਤੇ ਵਿਜੀਲੈਂਸ ਰੇਂਜ ਬਠਿੰਡਾ ਦੀਅਾਂ ਟੀਮਾਂ ਵਲੋਂ ਮਾਨਸਾ, ਫਰੀਦਕੋਟ ਤੇ ਬਠਿੰਡਾ ਜ਼ਿਲਿਅਾਂ ’ਚ 108 ਨੰ. ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੌਰਾਨ ਕਾਫੀ ਤਰੁੱਟੀਅਾਂ ਸਾਹਮਣੇ ਆਈਅਾਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਮਾਨਸਾ ਵਿਚ ਪੰਜ, ਜ਼ਿਲਾ ਬਠਿੰਡਾ ਵਿਚ ਸੱਤ, ਫਰੀਦਕੋਟ ਵਿਚ ਚਾਰ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਝੁਨੀਰ ਤੇ ਬਾਜਾਖਾਨਾ ਦੇ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਇਕ-ਇਕ ਐਂਬੂਲੈਂਸ ਖਰਾਬ ਹੋਣ ਕਾਰਨ ਮੌਕੇ ’ਤੇ ਮੌਜੂਦ ਨਹੀਂ ਮਿਲੀ। ਸ਼੍ਰੀ ਵਿਰਕ ਨੇ ਕਿਹਾ ਕਿ ਇਸ ਚੈਂਕਿੰਗ ਸਬੰਧੀ ਰਿਪੋਰਟ ਮੁੱਖ ਦਫਤਰ ਨੂੰ ਭੇਜ ਦਿੱਤੀ ਹੈ।
EDITED BY : SARA YAHA | | Last Updated : 3:50 pm 9 September 2018























