

ਮਾਨਸਾ (ਸਾਰਾ ਯਹਾਂ) : ਧੁੰਦ ਦੇ ਮੌਸਮ ਦੌਰਾਨ ਵੱਧ ਰਹੇ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਅੱਜ ਟ੍ਰੈਫਿਕ ਪੁਲੀਸ ਮਾਨਸਾ ਦੇ ਸਹਿਯੋਗ ਨਾਲ ਪ੍ਰਧਾਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਰਾਮਦਿੱਤਾ ਚੌਂਕ, ਮਾਨਸਾ ਵਿਖੇ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਰਾਤ ਅਤੇ ਧੁੰਦ ਵਿੱਚ ਵਾਹਨਾਂ ਦੀ ਦਿੱਖ ਵਧਾ ਕੇ ਹਾਦਸਿਆਂ ਤੋਂ ਬਚਾਵ ਕਰਨਾ ਹੈ। ਕੈਂਪ ਦੌਰਾਨ ਕਈ ਵਾਹਨਾਂ ‘ਤੇ ਮੁਫ਼ਤ ਰਿਫਲੈਕਟਰ ਲਗਾਏ ਗਏ ਅਤੇ ਆਮ ਜਨਤਾ ਨੂੰ ਸੜਕ ਸੁਰੱਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ।
ਕਲੱਬ ਦੇ ਚੀਫ਼ ਐਡਵਾਈਜ਼ਰ ਸ਼੍ਰੀ ਪ੍ਰੇਮ ਅਗਰਵਾਲ ਨੇ ਰੋਟਰੀ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਛੋਟੇ-ਛੋਟੇ ਸੁਰੱਖਿਆ ਕਦਮ ਵੱਡੇ ਹਾਦਸਿਆਂ ਨੂੰ ਰੋਕ ਸਕਦੇ ਹਨ ਅਤੇ ਹਰ ਨਾਗਰਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਰੋਟਰੀ ਸਦਾ ਹੀ ਸਮਾਜ ਸੇਵਾ ਅਤੇ ਲੋਕ ਸੁਰੱਖਿਆ ਲਈ ਕਾਰਜ ਕਰਦਾ ਆ ਰਿਹਾ ਹੈ। ਧੁੰਦ ਦੇ ਦਿਨਾਂ ਵਿੱਚ ਰਿਫਲੈਕਟਰ ਵਾਹਨਾਂ ਲਈ ਬਹੁਤ ਜ਼ਰੂਰੀ ਹਨ, ਜੋ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਨ। ਕਲੱਬ ਦੇ ਸੈਕਟਰੀ ਰਾਕੇਸ਼ ਸੇਠੀ ਨੇ ਦੱਸਿਆ ਕਿ ਇਹ ਕੈਂਪ ਲੋਕਾਂ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਲਗਾਇਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਪ੍ਰਾਜੈਕਟ ਜਾਰੀ ਰਹਿਣਗੇ।
ਇਸ ਮੌਕੇ ਹਾਜ਼ਰ ਟ੍ਰੈਫਿਕ ਪੁਲਿਸ ਇੰਚਾਰਜ ਸਰਦਾਰ ਬਲਬੀਰ ਸਿੰਘ ਜੀ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਿਫਲੈਕਟਰਾਂ ਦੀ ਵਰਤੋਂ ਨਾਲ ਧੁੰਦ ਅਤੇ ਹਨੇਰੇ ਵਿੱਚ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨਾਂ ‘ਤੇ ਲਾਈਟਾਂ, ਰਿਫਲੈਕਟਰ ਅਤੇ ਹੋਰ ਸੁਰੱਖਿਆ ਉਪਕਰਨ ਜ਼ਰੂਰ ਵਰਤਣ। ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਡਾਕਟਰ ਜਨਕ ਰਾਜ, ਰਮੇਸ਼ ਜਿੰਦਲ,ਪੁਨੀਤ ਗੋਇਲ, ਜਗਦੀਸ਼ ਰਾਏ, ਪਰਮਿੰਦਰ ਗੋਇਲ, ਅਮਿਤ ਗੋਇਲ, ਮਨੋਜ ਗੋਇਲ, ਅਤੇ ਟ੍ਰੈਫਿਕ ਪੁਲਿਸ ਮਾਨਸਾ ਦੇ ਇੰਚਾਰਜ ਬਲਬੀਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ,ਭੋਲਾ ਸਿੰਘ ,ਸੁਖਪਾਲ ਸਿੰਘ ਆਦਿ ਹਾਜ਼ਰ ਸਨ।























