

ਮਾਨਸਾ, 24 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) -ਪਿਛਲੇ ਦਿਨੀਂ ਮਾਨਸਾ ਪੁਲਸ ਵਲੋਂ ਛਾਪਾਮਾਰੀ ਕਰਕੇ ਕੁੱਝ ਹੋਟਲਾਂ ਮਾਲਕਾਂ ਵਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਵਿਚ ਫੜੇ ਗਏ ਕੁੱਝ ਔਰਤਾਂ ਅਤੇ ਮਰਦਾਂ ਦੇ ਮਾਮਲੇ ਵਿਚ ਇਕ ਹੋਟਲ ਮਾਲਕ ਦਾ ਨਾਂ ਗਲਤੀ ਨਾਲ ਜੁੜ ਜਾਣ ਸਬੰਧੀ ਅੱਜ ਮਾਨਸਾ ਦੇ ਐਸ.ਐਸ.ਪੀ ਨੂੰ ਮੰਗ ਪੱਤਰ ਦੇ ਕੇ ਇਸ ਦੀ ਸੋਧ ਕਰਨ ਦੀ ਮੰਗ ਕੀਤੀ ਹੈ। ਕੁੱਝ ਹੋਟਲ ਮਾਲਕਾਂ ਤੇ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਗਲੈਕਸੀ ਹੋਟਲ ਦੇ ਮਾਲਕ ਨਰੇਸ਼ ਕੁਮਾਰ ਵਾਸੀ ਮੌੜ ਮੰਡੀ ਦਾ ਨਾਂ ਸਾਹਮਣੇ ਆਇਆ ਸੀ। ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਸੂਚਨਾ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਤਹਿਤ ਹੋਰਨਾਂ ਹੋਟਲਾਂ ਦੇ ਨਾਲ ਉਨ੍ਹਾਂ ਦੇ ਹੋਟਲ ਦੀ ਚੈਕਿੰਗ ਜ਼ਰੂਰ ਕੀਤੀ ਗਈ ਸੀ ਪਰ ਉਥੋਂ ਕੋਈ ਮਰਦ, ਔਰਤ ਬਰਾਮਦ ਨਹੀਂ ਹੋਏ ਸਨ ਕਿਉਂਕਿ ਉਹ ਅਜਿਹਾ ਧੰਦਾ ਆਪਣੇ ਹੋਟਲ ਵਿਚ ਨਹੀਂ ਚਲਾਉਂਦੇ। ਉਨ੍ਹਾਂ ਕਿਹਾ ਕਿ ਕੁੱਝ ਤਕਨੀਕੀ ਗਲਤੀ ਕਰਕੇ ਉਨ੍ਹਾਂ ਦਾ ਨਾਂ ਵੀ ਮੁਲਜਮਾਂ ਦੇ ਨਾਂ ਨਾਲ ਜੁੜ ਗਿਆ। ਜਿਸ ਨਾਲ ਉਨ੍ਹਾਂ ਦੀ ਸਾਖ ਅਤੇ ਕਾਰੋਬਾਰ ਨੂੰ ਧੱਕਾ ਵੱਜਿਆ ਹੈ। ਸੰਭਾਵਿਕ ਹੈ ਕਿ ਇਸ ਨਾਲ ਕਾਰੋਬਾਰ ਤੇ ਅਸਰ ਵੀ ਪੈ ਸਕਦਾ ਹੈ। ਉਨ੍ਹਾਂ ਆਪਣੇ ਮੰਗ ਪੱਤਰ ਵਿਚ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਦੇ ਨਾਂ ਨੂੰ ਮੁਲਜਮਾਂ ਦੇ ਨਾਂ ਵਾਲੇ ਦਰਜ ਪਰਚੇ ਵਿਚੋਂ ਕੱਢਿਆ ਜਾਵੇ। ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਉਨ੍ਹਾਂ ਨੂੰ ਪੜਤਾਲ ਉਪਰੰਤ ਉਨ੍ਹਾਂ ਦੀ ਮੰਗ ਸਵੀਕਾਰ ਕਰਨ ਦਾ ਭਰੋਸਾ ਦਿੱਤਾ।






















