

ਮਾਨਸਾ, 01 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਰੋਟਰੀ ਕਲੱਬ ਗ੍ਰੇਟਰ ਮਾਨਸਾ ਵੱਲੋਂ ਸਾਲ 2025-26 ਲਈ ਚੁਣੀ ਗਈ ਨਵੀਂ ਟੀਮ ਦੇ ਕੰਮਾਂ ਦੀ ਸ਼ੁਰੂਆਤ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਪ੍ਰਿੰਸੀਪਲ ਸੁਨੀਲ ਕੱਕੜ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾ ਕੇ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਨਿਤਿਨ ਖੁੰਗਰ ਨੇ ਦੱਸਿਆ ਕਿ ਰੋਟਰੀ ਕਲੱਬ ਦਾ ਸੈਸ਼ਨ ਹਰੇਕ ਸਾਲ ਦੀ 1 ਜੁਲਾਈ ਤੋਂ 30 ਜੂਨ ਤੱਕ ਦਾ ਹੁੰਦਾ ਹੈ ਅਤੇ ਇੱਕ ਜੁਲਾਈ ਤੋਂ ਨਵੀਂ ਟੀਮ ਰਸਮੀ ਤੌਰ ਤੇ ਕੰਮਾਂ ਦੀ ਸ਼ੁਰੂਆਤ ਕਰਦੀ ਹੈ। ਇਸੇ ਲੜੀ ਤਹਿਤ ਅੱਜ ਕਲੱਬ ਦੇ ਪ੍ਰਧਾਨ ਸੁਨੀਲ ਕੱਕੜ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਨਵੇਂ ਸੈਸ਼ਨ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਮੌਕੇ ਬੋਲਦਿਆਂ ਕਲੱਬ ਦੇ ਚੀਫ਼ ਅਡਵਾਈਜ਼ਰ ਇੰਜੀਨੀਅਰ ਰਜਿੰਦਰ ਗਰਗ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰੋਟਰੀ ਕਲੱਬ ਦੀਆਂ ਇਕਾਈਆਂ ਦਾ ਗਠਨ ਕੀਤਾ ਹੋਇਆ ਹੈ, ਜੋ ਕਿ ਸਮੇਂ ਸਮੇਂ ਤੇ ਇੰਟਰਨੈਸ਼ਨਲ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਹੇਠ ਸਮਾਜਸੇਵੀ ਕੰਮਾਂ ਵਿੱਚ ਯੋਗਦਾਨ ਪਾਉਂਦੇ ਹਨ। ਇਹਨਾਂ ਕਲੱਬਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ, ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਦੀ ਮੱਦਦ ਤੋਂ ਇਲਾਵਾ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀ ਸਹਾਇਤਾ ਲਈ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸੁਨੀਲ ਕੱਕੜ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜਸੇਵੀ ਕੰਮਾਂ ਦੇ ਨਾਲ ਨਾਲ ਰੋਟਰੀ ਇੰਟਰਨੈਸ਼ਨਲ ਵੱਲੋਂ ਰੱਖੇ ਜਾਣ ਵਾਲੇ ਸਮਾਗਮਾਂ ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਅਤੇ 140 ਵਾਰ ਖੂਨਦਾਨ ਕਰਨ ਵਾਲੇ ਸੰਜੀਵ ਪਿੰਕਾ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਲੱਬ ਦੇ ਸੀਨੀਅਰ ਮੈਂਬਰ ਡਾਕਟਰ ਸ਼ੇਰਜੰਗ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਖੂਨਦਾਨੀਆਂ ਤੋਂ ਪ੍ਰੇਰਣਾ ਲੈ ਕੇ ਖੂਨਦਾਨ ਲਹਿਰ ਨਾਲ ਜੁੜਣਾ ਚਾਹੀਦਾ ਹੈ, ਕਿਉਂਕਿ ਲੋੜਵੰਦ ਮਰੀਜ਼ ਲਈ ਖੂਨ ਦੀ ਜ਼ਰੂਰਤ ਸਮੇਂ ਉਸਦੀ ਜ਼ਰੂਰਤ ਨੂੰ ਸਿਰਫ਼ ਤੇ ਸਿਰਫ਼ ਖੂਨਦਾਨੀ ਵੱਲੋਂ ਦਾਨ ਕੀਤੇ ਖੂਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਸਾਇੰਸ ਦੇ ਤਰੱਕੀ ਕਰਨ ਦੇ ਬਾਵਜੂਦ ਵੀ ਇਸਦਾ ਕੋਈ ਬਦਲ ਨਹੀਂ ਮਿਲਿਆ ਹੈ। ਇਸ ਮੌਕੇ ਤਰਸੇਮ ਮੀਰਪੁਰੀਆ, ਦਿਨੇਸ਼ ਰਿੰਪੀ, ਅਰੁਣ ਗਰਗ, ਰੋਸ਼ਨ ਮਿੱਤਲ, ਅਰਿਸ਼ ਗਰਗ, ਅਜੈ ਸਿੰਗਲਾ, ਵਿਕਾਸ ਬੱਬੂ, ਪ੍ਰਦੀਪ ਗਰਗ, ਮੁਨੀਸ਼ ਗੋਇਲ ਸਮੇਤ ਮੈਂਬਰ ਹਾਜ਼ਰ ਸਨ।























