ਰੋਇੰਗ ਅਰਜੁਨਾ ਅਵਾਰਡੀ ‘ਸਵਰਨ ਸਿੰਘ ਵਿਰਕ’ ਦੀ ‘ਮਹਾਰਾਜਾ ਰਣਜੀਤ ਸਿੰਘ ਅਵਾਰਡ’ ਲਈ ਹੋਈ ਚੋਣ

0
14

ਮਾਨਸਾ, 06 ਜੁਲਾਈ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਮਾਨਸਾ ਦੇ ਪਿੰਡ ਦਲੇਲ ਵਾਲਾ ਦੇ ਵਸਨੀਕ ਅਤੇ ਅਰਜੁਨਾ ਅਵਾਰਡੀ ਸਵਰਨ ਸਿੰਘ ਵਿਰਕ ਦੀ ਚੋਣ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡ ਲਈ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਸਮਾਰੋਹ 9 ਜੁਲਾਈ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਖਿਡਾਰੀ, ਅਰਜੁਨਾ ਅਵਾਰਡੀ ਸਵਰਨ ਸਿੰਘ ਵਿਰਕ ਦੇ ਵਿਸ਼ਿਸ਼ਟ ਖੇਡ ਪ੍ਰਦਰਸ਼ਨ ਨੂੰ ਮੁੱਖ ਰੱਖਦੇ ਹੋਏ ਉਸ ਦੀ ਚੋਣ ਰਾਜ ਦੇ ਇਸ ਸਰਵ-ਉੱਚ ਅਵਾਰਡ ਲਈ ਕੀਤੀ ਗਈ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਸਵਰਨ ਸਿੰਘ ਵਿਰਕ ਨੂੰ ਇਸ ਉਪਬਲਧੀ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ ਜਿੰਨ੍ਹਾਂ ਨਾਲ ਖਿਡਾਰੀਆਂ ਨੂੰ ਆਪਣਾ ਜੌਹਰ ਦਿਖਾਉਣ ਦੇ ਮੌਕੇ ਪ੍ਰਾਪਤ ਹੋ ਰਹੇ ਹਨ ਅਤੇ ਇਸ ਤੋਂ ਇਲਾਵਾ ਇਸ ਖੇਤਰ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਮਾਣ ਸਨਮਾਨ ਵੀ ਸ਼ਲਾਘਾਯੋਗ ਹੈ ਜਿਸ ਨਾਲ ਹੋਰਨਾਂ ਖਿਡਾਰੀਆਂ ਵਿਚ ਵੀ ਉਤਸ਼ਾਹ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਖਿਡਾਰੀਆਂ ਨੂੰ ਵੀ ਸਵਰਨ ਸਿੰਘ ਵਿਰਕ ਦੇ ਨਕਸ਼ੇ ਕਦਮਾਂ ਤੇ ਚੱਲਣਾਂ ਚਾਹੀਦਾ ਹੈ ਅਤੇ ਹਰ ਖਿਡਾਰੀ ਨੂੰ ਨਸ਼ੇ ਨੂੰ ਨਾਂਹ ਅਤੇ ਖੇਡਾਂ ਨੂੰ ਹਾਂ ਕਹਿ ਕੇ ਸਖ਼ਤ ਮਿਹਨਤ ਕਰਦੇ ਹੋਏ ਮੰਜ਼ਿਲ ਸਰ ਕਰਨੀ ਚਾਹੀਦੀ ਹੈ ਅਤੇ ਤਾਂ ਜੋ ਜ਼ਿਲ੍ਹੇ ਅਤੇ ਸੂਬੇ ਦਾ ਕੱਦ ਸਦਾ ਮਾਣ ਨਾਲ ਉੱਚਾ ਰਹੇ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਵਿਰਕ ਜੋ ਕਿ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿਚ ਸੂਬੇਦਾਰ ਦੇ ਅਹੁਦੇ ਤੇ ਤਾਇਨਾਤ ਹੈ 2012 ਵਿਚ ਲੰਡਨ ਵਿਚ ਹੋਈਆਂ ਓਲੰਪਿਕ ਖੇਡ੍ਹਾਂ ਵਿਚ ਵੀ ਹਿੱਸਾ ਲੈ ਚੁੱਕਾ ਹੈ। ਸਵਰਨ ਨੇ 2014 ਵਿਚ ਏਸ਼ੀਅਨ ਖੇਡ੍ਹਾਂ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਵਰਨ ਨੂੰ ਆਪਣੀਆਂ ਪ੍ਰਾਪਤੀਆਂ ਕਰਕੇ 2015 ਵਿਚ ਅਰਜੁਨਾ ਅਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਹੋਈ ਇਸ ਅਹਿਮ ਚੋਣ ਲਈ ਸਵਰਨ ਸਿੰਘ ਵਿਰਕ ਨੂੰ ਵਧਾਈਆਂ ਦਿੱਤੀਆਂ। 

LEAVE A REPLY

Please enter your comment!
Please enter your name here