

ਮਾਨਸਾ, ਮਈ (ਸਾਰਾ ਯਹਾ,(ਬਲਜੀਤ ਸ਼ਰਮਾ)-ਸਥਾਨਕ ਚਕੇਰੀਆ ਰੋਡ ਤੇ ਸਥਿਤ ਰੇਖੀ ਨਰਸਿੰਗ ਹੋਮ ਵਿਖੇ ਹਸਪਤਾਲ ਸਟਾਫ਼ ਨੂੰ ਅੱਗ ਬੁਝਾਉਣ ਸਬੰਧੀ ਜਾਣਕਾਰੀ ਦੇਣ ਲਈ ਮੋਕ ਡਰਿੱਲ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਲੱਗੀ ਅਚਾਨਕ ਅੱਗ ਨੂੰ ਦੇਖ ਕੇ ਹਸਪਤਾਲ ਸਟਾਫ ਭੱਜ ਉਠਿਆ ਤਾਂ ਮਿੰਟੋ ਮਿੰਟੀ ਸਭਨਾਂ ਦੇ ਸਹਿਯੋਗ ਨਾਲ ਅੱਗ ਉਪਰ ਕਾਬੂ ਪਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰੇਖੀ ਨਰਸਿੰਗ ਹੋਮ ਦੇ ਸਟਾਫ ਨੂੰ ਅੱਗ ਬੁਝਾਉਣ ਸਬੰਧੀ ਜਾਣਕਾਰੀ ਦੇਣ ਲਈ ਮੋਕ ਡਰਿੱਲ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਫਾਇਰ ਸਟੇਸ਼ਨ ਅਫਸਰ ਰਾਜ ਕੁਮਾਰ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਅੱਗ ਬੁਝਾਉਣ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਅਚਾਨਕ ਇਕ ਹਿੱਸੇ ਵਿਚ ਅੱਗ ਲਗਾ ਕੇ ਉਸ ਉਪਰ ਮੋਕ ਡਰਿੱਲ ਰਾਹੀਂ ਅੱਗ ਬੁਝਾਉਣ ਸਬੰਧੀ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਦਿੱਤੀ ਗਈ। ਜਿਸ ਤਹਿਤ ਹਸਪਤਾਲ ਸਟਾਫ਼ ਨੇ ਦਿੱਤੀ ਗਈ ਜਾਣਕਾਰੀ ਅਨੁਸਾਰ ਤੁਰੰਤ ਅੱਗ ਉਪਰ ਕਾਬੂ ਪਾ ਲਿਆ।
ਇਸ ਉਪਰੰਤ ਅੱਗ ਬੁਝਾਉਣ ਸਬੰਧੀ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਫਾਇਰ ਸਟੇਸ਼ਨ ਅਫ਼ਸਰ ਰਾਜ ਕੁਮਾਰ ਅਤੇ ਇਸ ਵਿਸ਼ੇ ਦੇ ਮਾਹਿਰ ਸ਼ੁਭਮ ਗੋਇਲ ਨੇ ਐਮਰਜੰਸੀ ਵਿੱਚ ਅੱਗ ਲੱਗ ਜਾਣ ਦੀ ਸੂਰਤ ਵਿੱਚ ਉਸ ਨੂੰ ਬੁਝਾਉਣ ਸਬੰਧੀ ਸਟਾਫ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਫਸਟ ਏਡ ਤੁਰੰਤ ਰਾਹਤ ਪ੍ਰਦਾਨ ਕਰਦੀ ਹੈ ਉੱਥੇ ਅੱਗ ਲੱਗਣ ਦੀ ਸੂਰਤ ਵਿੱਚ ਵੀ ਮੋਕ ਡਰਿੱਲ ਪ੍ਰਾਪਤ ਲੋਕ ਇਸ ਨੂੰ ਤੁਰੰਤ ਅੱਗ ਬੁਝਾਉਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਹਸਪਤਾਲ ਦੇ ਕਿਸੇ ਵੀ ਹਿੱਸੇ ਵਿਚ ਅੱਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਕੋਡ ਰੈਡ ਰਾਹੀਂ ਅਲਰਟ ਕਰਦਿਆਂ ਅੱਗ ਕਿੱਥੇ ਲੱਗੀ ਸਬੰਧੀ ਸਟਾਫ਼ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਉਪਰੰਤ ਤੁਰੰਤ ਹੀ ਹਸਪਤਾਲ ਵਿਚ ਸਭ ਤੋਂ ਮਹੱਤਵਪੂਰਨ ਚੀਜ ਮਰੀਜ ਹੁੰਦੇ ਹਨ, ਜਿਨ੍ਹਾਂ ਨੂੰ ਤੁਰੰਤ ਹੀ ਅੱਗ ਵਾਲੇ ਏਰੀਏ ਤੋਂ ਬਾਹਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੱਪੜੇ ਅਤੇ ਲੱਕੜ, ਤੇਲ ਜਾਂ ਸਿਲੰਡਰ ਅਤੇ ਗੈਸ ਆਦਿ ਤਿੰਨ ਕਿਸਮ ਦੀ ਅੱਗ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਚੀਜ ਜਲ ਰਹੀ ਹੋਵੇ ਤਾਂ ਉਸ ਥਾਂ ਉਪਰ ਆਕਸੀਜਨ ਦੀ ਸਪਲਾਈ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਨਾਲ ਅੱਗ ਉਪਰ ਜਲਦ ਕਾਬੂ ਪਾਇਆ ਜਾ ਸਕਦਾ ਹੈ। ਉਦਾਹਰਣ ਤੌਰ ਤੇ ਅਗਰ ਕਿਸੇ ਬਾਲਟੀ ਵਿਚ ਪਈ ਚੀਜ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਉਪਰ ਤੁਰੰਤ ਬੱਠਲ ਮੂਧਾ ਮਾਰ ਕੇ ਅੱਗ ਨੂੰ ਮਿਲਣ ਵਾਲੀ ਆਕਸੀਜਨ ਬੰਦ ਹੋਣ ਕਾਰਨ ਬਾਲਟੀ ਵਿਚ ਲੱਗੀ ਅੱਗ ਤੁਰੰਤ ਬੁਝ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਰ ਅੱਗ ਵੱਡੇ ਏਰੀਏ ਵਿਚ ਲੱਗਦੀ ਹੈ ਤਾਂ ਕਾਰਬਨਡਾਇਆਕਸਾਈਡ ਦੀ ਵਰਤੋਂ ਨਾਲ ਅੱਗ ਉਪਰ ਕਾਬੂ ਪਾਇਆ ਜਾ ਸਕਦਾ ਹੈ।
ਅਖੀਰ ਵਿਚ ਰੇਖੀ ਨਰਸਿੰਗ ਹੋਮ ਦੇ ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ. ਪੁਨੀਤ ਰੇਖੀ ਨੇ ਮੋਕ ਡਰਿੱਲ ਲਈ ਫਾਇਰ ਸਟੇਸ਼ਨ ਅਫ਼ਸਰ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਹਸਪਤਾਲ ਦੇ ਸਟਾਫ਼ ਨੂੰ ਉਹ ਅਜਿਹੀ ਟਰੇਨਿੰਗ ਮੁਹੱਈਆ ਕਰਵਾਉਂਦੇ ਰਹਿਣ। ਇਸ ਮੌਕੇ ਹਰਪਾਲ ਪਾਲੀ, ਬਲਜਿੰਦਰ ਬਾਜੇਵਾਲਾ, ਸੁਖਵੰਤ ਸਿੰਘ, ਨਜੀਰ ਖਾਂ, ਰਮੇਸ਼ ਕੁਮਾਰ, ਜਸਪ੍ਰੀਤ ਜੱਸੀ, ਜੱਗੀ ਜਵਾਹਰਕੇ, ਪ੍ਰਦੀਪ ਗੋਇਲ, ਬਲਦੇਵ ਸਿੰਘ, ਸੁਖਦੀਪ ਕੌਰ, ਸੁਖਪਾਲ ਕੌਰ ਖਿਆਲਾ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਰੁਪਿੰਦਰ ਰਿੰਪੀ, ਸਰਬਜੀਤ ਕੌਰ ਸਮਾਓ ਆਦਿ ਸਮੂਹ ਸਟਾਫ਼ ਹਾਜ਼ਰ ਸੀ।






















