

ਮਾਨਸਾ, (ਬਲਜੀਤ ਸ਼ਰਮਾ) 29 ਨਵੰਬਰ : ਯੁਵਕ ਸੇਵਾਵਾਂ ਵਿਭਾਗ ਦੇ ਨੁਮਾਇੰਦਿਆਂ ਹੇਠ ਬੁੱਧਵਾਰ ਨੂੰ ਨਸ਼ਿਆਂ ਅਤੇ ਏਡਜ਼ ਵਿਰੁੱਧ ਇੱਕ ਵਿਸ਼ਾਲ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਮਾਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ ਭੈਣੀ ਬਾਘਾ , ਇੰਜੀਨੀਅਰ ਆਈ.ਟੀ.ਆਈ ਮਾਨਸਾ, ਗੁਰੂ ਨਾਨਕ ਕਾਲਜ ਬੁਢਲਾਡਾ, ਭਾਈ ਬਹਿਲੋ ਖਾਲਸਾ ਕਾਲਜ ਫਫੜੇ ਭਾਈਕੇ, ਡਾਈਟ ਅਹਿਮਦਪੁਰ, ਸਰਕਾਰੀ ਸੀ.ਸੈ. ਸਕੂਲ ਬੀਰ ਹੋਡਲਾਂ ਕਲਾ, ਫਫੜੇ ਭਾਂਈ ਕੇ, ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ, ਯੁਵਕ ਸੇਵਾਵਾਂ ਕਲੱਬ ਖੀਵਾ ਮੀਆਂ ਸਿੰਘ ਵਾਲਾ, ਉਮੀਦ ਫਾਉਡੇਸ਼ਨ ਬੋੜਾਵਾਲ ਦੇ 800 ਦੇ ਕਰੀਬ ਨੌਜਵਾਨਾਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਰੈਲੀ ਦੀ ਸ਼ੁਰੂਆਤ ਬੋੜਾਵਾਲ ਮਾਨਸਾ ਤੋਂ ਕਰਕੇ ਆਸ-ਪਾਸ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਲੋਕਾਂ ਨੂੰ ਏਡਜ਼ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਤੋਂ ਇਲਾਵਾ ਸਮੂਹ ਜ਼ਿਲ੍ਹੇ ਦੀਆਂ ਰੈਡ ਰਿਬਨ ਕਲੱਬਾਂ ਦੇ ਮੈਂਬਰ, ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਅਤੇ ਯੁਵਕ ਕਲੱਬਾਂ ਦੀ ਨੁਮਾਇੰਦਗੀ ਕਰਨ ਵਾਲੇ ਵੀ ਇਸ ਰੈਲੀ ਵਿੱਚ ਸ਼ਾਮਿਲ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਾਨ ਨੇ ਦੱਸਿਆ ਕਿ ਨੋਜਵਾਨਾਂ ਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਅੱਗੇ ਆਉਣ ਦੀ ਲੋੜ ਹੈ ਅਤੇ ਘੱਟ ਤੋਂ ਘੱਟ ਆਪਣੇ ਇੱਕ ਸਾਥੀ ਨੂੰ ਨਸ਼ੇ ਅਤੇ ਏਡਜ਼ ਬਿਮਾਰੀ ਤੋ ਰਹਿਣ ਲਈ ਸੁਚੇਤ ਕਰਨਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ ਕੁਲਰੀਆ ਨੇ ਬੋਲਦਿਆ ਕਿਹਾ ਕਿ ਐਚ.ਆਈ.ਵੀ. ਏਡਜ਼ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਕਿਉਂ ਜੋ ਇਹ ਇੱਕ ਲਾ-ਇਲਾਜ ਬਿਮਾਰੀ ਹੈ ਜਿਸਦੀ ਜਾਣਕਾਰੀ ਹੋਣ ‘ਤੇ ਇਸ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋ ਇਲਾਵਾ ਡਾ. ਬੂਟਾ ਸਿੰਘ, ਸ਼੍ਰੀ ਯਾਦਵਿੰਦਰ ਸਿੰਘ ਬਰੇਟਾ, ਡਾ. ਕਰਨੈਲ ਵੈਰਾਗੀ , ਪ੍ਰੋਫੈਸਰ ਬਲਵੀਰ ਬੱਲੀ, ਪ੍ਰਿੰਸੀਪਲ ਸ਼੍ਰੀ ਕੇ.ਕੇ. ਸ਼ਰਮਾ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਹਰਵਿੰਦਰ ਸਿੰਘ, ਸ਼੍ਰੀ ਦੀਦਾਰ ਸਿੰਘ ਬੌਕਸਿੰਗ ਕੋਚ ਹਾਜ਼ਰ ਸਨ।
EDITED BY : SARA YAHA | | Last Updated : 7:30 pm 29 ਨਵੰਬਰ 2018
























