ਮਾਨਸਾ ਨੂੰ ਵਿਗਿਆਨਕ ਢੰਗ ਨਾਲ ਕੂੜਾ ਮੁਕਤ ਕਰਵਾਉਣ ਦਾ ਬੰਨ੍ਹਿਆ ਮੁੱਢ

0
46

ਮਾਨਸਾ, 29 ਨਵੰਬਰ (ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਨੂੰ  ਵਿਗਿਆਨਕ ਤਰੀਕੇ ਨਾਲ ਨਾ ਕੇਵਲ ਕੂੜਾ ਮੁਕਤ ਕੀਤਾ ਜਾ ਸਕਦਾ ਹੈ ਬਲਕਿ ਇਥੋਂ ਦੀ ਨਗਰ ਕੌਂਸਲ ਹਰ ਮਹੀਨੇ ਕੂੜੇ ਤੋਂ ਹੀ 24 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਵੀ ਇੱਕਠਾ ਕਰ ਸਕਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਚੇਨੱਈ ਤੋਂ ਆਏ ਗਰੀਨ ਇੰਡੀਆ ਸਰਵਿਸ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਸੀ. ਨਿਵਾਸਨ ਨੇ ਸਥਾਨਕ ਬੱਚਤ ਭਵਨ ਵਿਖੇ ਕੂੜੇ ਸਬੰਧੀ ਲਗਾਏ 2 ਰੋਜ਼ਾ ਵਰਕਸ਼ਾਪ ਦੇ ਅਖੀਰਲੇ ਦਿਨ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਇਸ ਮੌਕੇ ਸੁੱਕੇ, ਗਿੱਲੇ, ਨਾ-ਗਲਣਯੋਗ ਅਤੇ ਬਾਇਓ ਵੇਸਟ ਸੰਬਧੀ ਅਹਿਮ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਮਾਨਸਾ ਨੂੰ ਵਿਗਿਆਨਕ ਢੰਗ ਦੇ ਨਾਲ ਕੂੜਾ ਮੁਕਤ ਕਰਨ ਲਈ ਅੱਜ ਤੋਂ ਮੁੱਢ ਬਣ ਦਿੱਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜਲਦ ਹੀ ਕੂੜੇ ਦੇ ਖ਼ਾਤਮੇ ਅਤੇ ਇਸਦੇ ਸਹੀ ਪ੍ਰਯੋਗ ਸਬੰਧੀ ਪੂਰੀ ਰੂਪ ਰੇਖਾ ਤਿਆਰ ਕਰ ਕੇ 1 ਦਸੰਬਰ ਤੋਂ ਇਸਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਵਰਕਸ਼ਾਪ ਦੌਰਾਨ ਸ਼੍ਰੀ ਨਿਵਾਸਨ ਨੇ ਕੋਇਮਬਟੋਰ (ਚੇਨੱਈ) ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਕੂੜੇ ਨੂੰ ਨਸ਼ਟ ਕਰਕੇ ਅਤੇ ਇਸਨੂੰ ਸਫ਼ਲਤਾ ਪੂਰਵਕ ਕਮਾਈ ਦਾ ਸਾਧਨ ਬਣਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਦੱਸਿਆ ਕਿ ਇਸ ਦੀ ਹੂ-ਬ-ਹੁ ਨਕਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਸੰਭਵ ਹੈ।
ਸ਼੍ਰੀ ਸੀ. ਨਿਵਾਸਨ ਨੇ ਵਰਕਸ਼ਾਪ ਦੌਰਾਨ ਹੀ ਇੱਕਠੇ ਕੀਤੇ ਵੱਖ-ਵੱਖ ਕਿਸਮ ਦੇ ਕੂੜੇ ਜਿਵੇਂ ਕਿ ਪਲਾਸਟਿਕ, ਥਰਮਾਕੋਲ, ਰਬੜ, ਕਾਗਜ਼ ਆਦਿ ਦੇ ਮੁੜ ਵਰਤੋਂ ਵਿੱਚ ਲਿਆਉਣ ਦੇ ਫਾਇਦੇ, ਨੁਕਸਾਨ ਅਤੇ ਇਸ ਦੀ ਬਾਜ਼ਾਰ ਵਿੱਚ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੀਮਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਕੂੜੇ ਨੂੰ ਅਸੀਂ ਮੁਫ਼ਤ ਵਿੱਚ ਹੀ ਸੁੱਟ ਦਿੰਦੇ ਹਾਂ ਜਾਂ ਗਲੀਆਂ ਨਾਲੀਆਂ ਵਿੱਚ ਰੋੜ ਦਿੰਦੇ ਹਾਂ ਨਾਲ ਵਾਤਾਵਰਨ ਨੂੰ ਤਾਂ ਬਚਾਇਆ ਜਾ ਸਕਦਾ ਹੈ ਅਤੇ ਇਸਦੇ ਨਾਲ ਆਪਣੀ ਆਰਥਿਕ ਵਿਵਸਥਾ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਐਸ.ਐਲ.ਆਰ.ਐਮ. (ਸਾਲਿਡ ਐਂਡ ਲਿਕਊਡ ਰਿਸੋਰਸ ਮੈਨੇਜਮੈਂਟ) ਪਿੱਛੇ ਉਨ੍ਹਾਂ ਦਾ ਮੰਤਵ ਨਾ ਕੇਵਲ ਵਿਗਿਆਨਕ ਤਰੀਕੇ ਨਾਲ ਕੂੜੇ ਦਾ ਖਾਤਮਾ ਕਰਨਾ ਹੈ ਬਲਕਿ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਕੂੜੇ ਦਾ ਸਮਾਂ ਰਹਿੰਦਿਆਂ ਇਸਤੇਮਾਲ ਕਰਵਾਉਣਾ ਹੈ, ਤਾਂ ਉਸ ਤੋਂ ਪੈਦਾ ਹੋਣ ਵਾਲੇ ਮੱਛਰ ਅਤੇ ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇ।
ਵਰਕਸ਼ਾਪ ਦੌਰਾਨ ਸ਼੍ਰੀ ਸੀ. ਨਿਵਾਸਨ ਨੇ ਤਕਰੀਬਨ 12 ਤੋਂ 15 ਕਿਸਮ ਦੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਕੂੜੇ ਦੀ ਮਹੱਤਤਾ, ਇਸਦੇ ਵਾਤਾਵਰਨ, ਪੰਛੀਆਂ, ਮੱਛੀਆਂ, ਪਾਣੀ ਅਤੇ ਮਨੁੱਖੀ ਸਰੀਰ ‘ਤੇ ਹੋਣ ਵਾਲੇ ਚੰਗੇ-ਮਾੜੇ ਪ੍ਰਭਾਵਾਂ ਬਾਰੇ ਵੀ ਵਿਸਥਾਰ ਪੂਰਵਕ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਵਿੱਚ ਜ਼ਹਿਰਾਲਾ ਧੂੰਆਂ ਫੈਲ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗਦੀਆਂ ਹਨ। ਇਸ ਮੌਕੇ ਉਨ੍ਹਾਂ ਵਸਤਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਿਨ੍ਹਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਜਿਨ੍ਹਾਂ ਨੂੰ ਮੁੜ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਥਰਮਾਕੋਲ, ਚਿਪਸ ਅਤੇ ਅਜਿਹੇ ਪੈਕਟ ਜਿਹੀਆਂ ਵਸਤਾਂ ਦੀ ਖਰੀਦ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਮੁੜ ਵਰਤੋਂ ਵਿੱਚ ਨਹੀ ਲਿਆਇਆ ਜਾ ਸਕਦਾ।
ਸ਼੍ਰੀ ਸੀ.ਨਿਵਾਸਨ ਨੇ ਟ੍ਰੇਨਿੰਗ ਦੌਰਾਨ ਕੂੜੇ (ਨਾਰੀਅਲ ਦਾ ਛਿੱਲਕਾ, ਫਲਾਂ ਅਤੇ ਸਬਜ਼ੀਆਂ ਦੀ ਰਹਿੰਦ-ਖੂਹੰਦ, ਆਂਡੇ ਦੇ ਛਿੱਲਕੇ, ਵੱਖ-ਵੱਖ ਤਰ੍ਹਾਂ ਦਾ ਮੁੜ ਵਰਤੋਂ ਹੋਣ ਯੋਗ ਪਲਾਸਟਿਕ ਆਦਿ) ਦੇ ਵੱਖ-ਵੱਖ ਰੇਟਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ, ਜਿਸ ਨਾਲ ਕਿ ਕੂੜੇ ਨੂੰ ਆਮਦਨ ਦਾ ਸਰੋਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੂੜੇ ਦੀਆਂ ਘੱਟ ਤੋਂ ਘੱਟ 4 ਸ਼੍ਰੇਣੀਆਂ (ਆਰਗੈਨਿਕ, ਬਾਇਓਵੇਸਟ, ਮੁੜ ਵਰਤੋਂ ਲਿਆਉਣਯੋਗ ਅਤੇ ਨਾ ਲਿਆਉਣਯੋਗ) ਬਣਾ ਕੇ  ਸਹੀ ਪ੍ਰਕ੍ਰਿਆ ਨਾਲ ਇਸਤੇਮਾਲ ਕਰਕੇ ਅਸੀਂ ਕੂੜੇ ਨੂੰ ਸੋਨਾ ਬਣਾ ਸਕਦੇ ਹਾਂ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ 2 ਰੋਜ਼ਾ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਚੇਚੇ ਤੌਰ ‘ਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯਾ ਡੱਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਅਤੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਨਦੀਪ ਸਿੰਘ ਗੋਰਾ ਵੀ ਮੌਜੂਦ ਸਨ।  


EDITED BY : SARA YAHA | | Last Updated : 7:24 pm 29 ਨਵੰਬਰ 2018

LEAVE A REPLY

Please enter your comment!
Please enter your name here