

ਮਾਨਸਾ, 19 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ 17 ਨਵੰਬਰ, 2025 ਤੋਂ 19 ਨਵੰਬਰ, 2025 ਤੱਕ ਹੋਈਆਂ ਪੰਜਾਬ ਪ੍ਰਾਇਮਰੀ ਸਕੂਲ ਖੇਡਾਂ (ਪੰਜਾਬ ਪੱਧਰ) ਵਿੱਚ ਜ਼ਿਲ੍ਹਾ ਮਾਨਸਾ ਦੀ ਲੜਕੀਆਂ ਦੀ ਕਬੱਡੀ ਦੀ ਟੀਮ ਨੇ ਪੂਰੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੰਜੂ ਬਾਲਾ ਨੇ ਖਿਡਾਰਨਾਂ ਦੀ ਇਸ ਉਪਲੱਬਧੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਇਹ ਉਪਲੱਬਧੀ ਖਿਡਾਰਨਾਂ ਦੇ ਆਤਮ ਸਨਮਾਨ ਅਤੇ ਹੌਂਸਲੇ ਲਈ ਕਾਰਗਰ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਭਰ ਵਿਚ ਜ਼ਿਲ੍ਹੇ ਦੇ ਮਾਣ ਵਿਚ ਵਾਧਾ ਹੋਇਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਬਾਲਾ ਨੇ ਕਿਹਾ ਕਿ ਇਹ ਜਿੱਤ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਦੁਆਰਾ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਇਸ ਗੱਲ ਦੀ ਗਵਾਹ ਹੈ ਕਿ ਮਾਨਸਾ ਜ਼ਿਲ੍ਹਾ ਨਾ ਸਿਰਫ਼ ਵਿੱਦਿਅਕ ਖੇਤਰ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਪਹਿਲੇ ਸਥਾਨ ‘ਤੇ ਉੱਭਰ ਕੇ ਆ ਰਿਹਾ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਸਤਪਾਲ ਸਿੰਘ ਨੇ ਕਿ ਕਿਹਾ ਇਸ ਜਿੱਤ ਨਾਲ ਸਮਾਜ ਵਿੱਚ ਲੜਕੀਆਂ ਦੇ ਸਨਮਾਨ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਸਕੂਲਾਂ ਵਿੱਚ ਪੜ੍ਹਦੀਆਂ ਸਭ ਲੜਕੀਆਂ ਦੇ ਹੌਂਸਲੇ ਅਤੇ ਹਿੰਮਤ ਹੋਰ ਮਜ਼ਬੂਤ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ (ਪ੍ਰਾਇਮਰੀ ਸਕੂਲੀ ਖੇਡਾਂ) ਸ੍ਰੀ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਟੀਮ ਵਿੱਚ ਜ਼ਿਲ੍ਹੇ ਵੱਲੋਂ ਪੰਜ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬਹਿਣੀਵਾਲ, ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ, ਸਰਕਾਰੀ ਪ੍ਰਾਇਮਰੀ ਸਕੂਲ, ਜੀਤਸਰ, ਸਰਕਾਰੀ ਪ੍ਰਾਇਮਰੀ ਸਕੂਲ, ਝੰਡੂਕੇ ਈ.ਜੀ.ਐੱਸ. ਅੱਪਗ੍ਰੇਡ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਲਖਮੀਰਵਾਲਾ ਦੀਆਂ ਵਿਦਿਆਰਥਣਾਂ ਸ਼ਾਮਲ ਹਨ।
ਟੀਮ ਨਾਲ ਗਏ ਅਧਿਆਪਕ ਸ੍ਰੀ ਵਰਿੰਦਰ ਸਿੰਘ ਰਾਏਪੁਰ, ਸਤਪਾਲ ਸਿੰਘ, ਸ੍ਰੀਮਤੀ ਅਮਰਜੀਤ ਕੌਰ, ਤੇਜਿੰਦਰ ਸਿੰਘ, ਸੁਖਦੀਪ ਸਿੰਘ ਝੰਡੂਕੇ ਈ.ਜੀ.ਐੱਸ. ਨੇ ਖੁਸ਼ੀ ਜਾਹਿਰ ਕਰਦਿਆਂ ਉਮੀਦ ਪ੍ਰਗਟਾਈ ਕਿ ਚੱਲ ਰਹੀਆਂ ਪੰਜਾਬ ਪੱਧਰੀ ਖੇਡਾਂ ਵਿੱਚ ਵੀ ਮਾਨਸਾ ਜ਼ਿਲ੍ਹਾ ਜੇਤੂ ਬਣਕੇ ਉੱਭਰੇਗਾ।























