

ਮਾਨਸਾ, 3 ਅਕਤੂਬਰ(ਸਾਰਾ ਯਹਾ,ਬਲਜੀਤ ਸ਼ਰਮਾ) : 1 ਅਕਤੂਬਰ ਤੋਂ ਜ਼ਿਲ੍ਹਾ ਮਾਨਸਾ ਵਿਚ ਕਰਵਾਏ ਜਾ ਰਹੇ ਮੇਰਾ ਪਿੰਡ, ਮੇਰਾ ਮਾਣ ਮੁਕਾਬਲੇ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਯੁਵਕ ਕਲੱਬ ਪਿੰਡ ਵਾਸੀਆਂ ਨੂੰ ਸ਼ਾਮਲ ਕਰਦਿਆਂ ਕਈ ਗਤੀਵਿਧੀਆਂ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕਲੱਬਾਂ ਨੂੰ ਸਨਮਾਨਿਤ ਕਰੇਗਾ।
ਕਲੱਬਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਯੋਗਾ, ਸਵੇਰ ਦੀ ਸੈਰ, ਪੌਦੇ ਲਗਾਉਣਾ, ਪਿੰਡਾਂ ਵਿਚ ਜਨਤਕ ਥਾਵਾਂ ਦੀ ਸਫਾਈ, ਨਸ਼ਿਆਂ ਵਿਰੁੱਧ ਪਰਚੇ ਅਤੇ ਪਰਾਲੀ ਸਾੜਨ, ਖੂਨਦਾਨ ਕੈਂਪ ਲਗਾਉਣਾ ਆਦਿ ਕਰਵਾਈਆਂ ਜਾ ਰਹੀਆਂ ਹਨ।
ਮੁਕਾਬਲਿਆਂ ਦੀ ਸ਼ੁਰੂਆਤ ਦੇ ਨਾਲ ਵੱਡੀ ਗਿਣਤੀ ਵਿਚ ਸਿਹਤ ਪ੍ਰਤੀ ਸੁਚੇਤ ਪਿੰਡ ਵਾਸੀਆਂ ਨੇ ਯੋਗਾ ਅਤੇ ਸਵੇਰ ਦੀ ਸੈਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਨੌਜਵਾਨ ਏਕਤਾ ਕਲੱਬ ਭਾਈ ਦੇਸਾ, ਯੁਵਕ ਕਲੱਬ ਪਿੰਡ ਬੀਰੋਕੇ ਕਲਾਂ, ਡੇਰਾ ਬਾਬਾ ਅਲਖ ਰਾਮ ਨੌਜਵਾਨ ਕਲੱਬ, ਉਮੀਦ ਸ਼ੋਸ਼ਲ ਅਤੇ ਵੈਲਫੇਅਰ ਕੱਲਬ ਬੋੜਾਵਾਲ, ਡਾ. ਏ.ਪੀ.ਜੇ. ਕਲਾਮ ਵੈਲਫੇਅਰ ਸੁਸਾਇਟੀ ਯੂਵਕ ਕਲੱਬ ਪਿੰਡ ਨਰਿੰਦਰਪੁਰਾ, ਨੌਜਵਾਨ ਵੈਲਫੇਅਰ ਕਲੱਬ ਖੋਖਰ ਕਲਾਂ, ਬੁਰਜ ਢਿੱਲਵਾਂ ਭਾਈ ਘਨੱਈਆ ਕਲੱਬ ਸਵੇਰ ਦੀਆਂ ਸੈਰਾਂ ਕਰਵਾ ਰਹੇ ਹਨ। ਭਾਈ ਘਨੱਈਆ ਕਲੱਬ ਪਿੰਡ ਬੁਰਜ ਢਿੱਲਵਾਂ ਵੱਲੋਂ ਯੋਗ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਬੱਚੇ ਅਤੇ ਔਰਤਾਂ ਭਾਗ ਲੈ ਰਹੀਆਂ ਹਨ।
ਪਿੰਡਾਂ ਨੂੰ ਸਵੱਛ ਬਣਾਉਣ ਲਈ ਯੁਵਕ ਕਲੱਬਾਂ ਵੱਲੋਂ ਜਨਤਕ ਥਾਵਾਂ ਤੇ ਸਫਾਈ ਅਭਿਆਨ ਵੀ ਚਲਾਏ ਜਾ ਰਹੇ ਹਨ ਜਿਸ ਤਹਿਤ ਪਿੰਡ ਬੱਪੀਆਣਾ ਮੰਡੇਲਾ ਸਾਇਬ ਵੈਲਫੇਅਰ ਅਤੇ ਯੁਵਕ ਸੇਵਾਵਾਂ ਕੱਲਬ ਖੀਵਾ ਖੁਰਦ ਵਿਖੇ ਲੋਕ ਭਲਾਈ ਯੁਵਕ ਵਿੰਗ ਕਲੱਬ, ਗਹਿਲੋਂ ਵਿਖੇ ਸ਼ਹੀਦ ਭਗਤ ਸਿੰਘ ਸਹਿਯੋਗੀ ਕਲੱਬ, ਘੁਰਕਣੀ ਵਿਖੇ ਯੁਵਕ ਸੇਵਾਵਾਂ ਕੱਲਬ, ਮੌਜੀਆ ਵਿਖੇ ਬਾਬਾ ਨਰਾਇਣ ਦਾਸ ਸਪੋਰਟਸ ਕਲੱਬ, ਬੋੜਾਵਾਲ ਵਿਖੇ ਉਮੀਦ ਸ਼ੋਸ਼ਲ ਅਤੇ ਵੈਲਫੇਅਰ ਕਲੱਬ ਨੇ ਸਫਾਈ ਅਭਿਆਨ ਕਰਵਾਏ।

ਇਸੇ ਤਰਾਂ ਪਲਾਸਟਿਕ ਦੀ ਵਰਤੋਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਾਤਾ ਗੁਜਰੀ ਜੀ ਯੁਵਕ ਭਲਾਈ ਕੱਲਬ ਵੱਲੋਂ ਪਲਾਸਟਿਕ ਹਟਾਓ, ਦੇਸ਼ ਬਚਾਓ ਰੈਲੀ ਕੱਢੀ ਗਈ ਅਤੇ ਇਕ ਹੋਰ ਕਲੱਬ ਵੱਲੋਂ ਪਿੰਡ ਰੰਘੜੀ ਵਿਖੇ ਪੇਟਿੰਗ ਮੁਕਾਬਲੇ ਕਰਵਾਏ ਗਏ। ਬਰ੍ਹੇ ਵਿਖੇ ਨਸ਼ਿਆਂ ਖਿਲਾਫ਼ ਇਕ ਰੈਲੀ ਕੀਤੀ ਗਈ।
ਆਪਣੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਲਈ ਨੌਜਵਾਨ ਕਲੱਬਾਂ ਵੱਲੋਂ ਵਿਸ਼ਾਲ ਬੂਟੇ ਲਗਾਉਣ ਦੇ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ, ਨੌਜਵਾਨ ਏਕਤਾ ਕਲੱਬ ਭਾਈ ਦੇਸਾ ਨੇ ਪਿੰਡ ਤੋਂ ਸੁੱਖਾ ਸਿੰਘ ਵਾਲਾ ਦੇ ਨਾਲ ਨਾਲ ਪਿੰਡ ਦੀਆਂ ਜਨਤਕ ਥਾਵਾਂ ਤੇ ਬੂਟੇ ਲਗਾਏ। ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ, ਗਰੀਨ ਇਨਵਾਇਰਨਮੈਂਟ ਸੁਸਾਇਟੀ ਵੱਲੋਂ ਬੂਟੇ ਲਗਾਏ ਗਏ।
ਯੁਵਕ ਸੇਵਾਵਾਂ ਲੋਕ ਭਲਾਈ ਕਲੱਬ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਨੇ ਖੂਨਦਾਨ ਕੈਂਪ ਲਗਾਇਆ ਜਿਸ ਵਿਚ 62 ਯੂਨਿਟ ਖੂਨ ਇਕੱਤਰ ਕੀਤਾ ਗਿਆ। ਬੀੜ ਹੋਡਲਾ ਕਲਾਂ ਵਿਖੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਖੂਨਦਾਨ ਕੈਂਪ ਲਗਾਇਆ।
ਇਸ ਦੌਰਾਨ ਸਮੂਹ ਯੂਥ ਕਲੱਬਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਵਧੇਰੇ ਕਲੱਬਾਂ ਨੂੰ ਅਜਿਹੀਆਂ ਗਤੀਵਿਧੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਜਿੰਨ੍ਹਾਂ ਵਿਚ ਖਾਸਕਰ ਪਿੰਡ ਦੇ ਨੌਜਵਾਨ ਸ਼ਾਮਲ ਹੋਣ।























