ਮੇਰਾ ਪਿੰਡ, ਮੇਰਾ ਮਾਣ ਮੁਕਾਬਲੇ: ਮਾਨਸਾ ਯੁਵਕ ਕਲੱਬਾਂ ਦੀਆਂ ਗਤੀਵਿਧੀਆਂ ਜਾਰੀ

0
14

ਮਾਨਸਾ, 14 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): 14 ਅਕਤੂਬਰ ਤੋਂ ਜ਼ਿਲ੍ਹਾ ਮਾਨਸਾ ਵਿਚ ਕਰਵਾਏ ਜਾ ਰਹੇ ਮੇਰਾ ਪਿੰਡ, ਮੇਰਾ ਮਾਣ ਮੁਕਾਬਲੇ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਯੁਵਕ ਕਲੱਬ ਪਿੰਡ ਵਾਸੀਆਂ ਨੂੰ ਸ਼ਾਮਲ ਕਰਦਿਆਂ ਕਈ ਗਤੀਵਿਧੀਆਂ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਦੁਆਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕਲੱਬਾਂ ਨੂੰ ਸਨਮਾਨਿਤ ਕਰੇਗਾ।
            ਕਲੱਬਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਯੋਗਾ, ਸਵੇਰ ਦੀ ਸੈਰ, ਪੌਦੇ ਲਗਾਉਣਾ, ਪਿੰਡਾਂ ਵਿਚ ਜਨਤਕ ਥਾਵਾਂ ਦੀ ਸਫਾਈ, ਨਸ਼ਿਆਂ ਵਿਰੁੱਧ ਪਰਚੇ ਅਤੇ ਪਰਾਲੀ ਸਾੜਨ, ਖੂਨਦਾਨ ਕੈਂਪ ਲਗਾਉਣਾ ਆਦਿ ਤੋਂ ਇਲਾਵਾ ਪਰਾਲੀ ਨੂੰ ਸਾੜਨ ਸਬੰਧੀ ਜਾਗਰੂਤਾ ਵੀ ਫੈਲਾਈ ਜਾ ਰਹੀ ਹੈ।
            ਮੁਕਾਬਲਿਆਂ ਦੀ ਲੜੀ ਤਹਿਤ ਬੀਰੋਕੇ ਕਲੱਬ ਵੱਲੋਂ ਪਿੰਡ ਗੁੜੱਦੀ ਵਿਖੇ ਪਿੰਡ ਦੀ ਨਵੀਂ ਸੋਚ ਸੇਵਾ ਵੈਲਫੇਅਰ ਸੋਸਾਇਟੀ ਨਾਲ ਮਿਲ ਕੇ ਕੁਦਰਤੀ ਖੇਤੀ ਕੈਂਪ ਲਗਾਇਆ ਗਿਆ ਜਿੱਥੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਵਾਅਦਾ ਕੀਤਾ। ਇਸੇ ਤਰਾਂ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਪਿੰਡ ਕਿਸ਼ਨਗੜ੍ਹ ਵਿਖੇ ਖੂਨਦਾਨ ਕੈਂਪ ਲਗਾ ਕੇ 56 ਯੂਨਿਟ ਖੂਨ ਇਕੱਤਰ ਕੀਤਾ ਗਿਆ। ਆਜ਼ਾਦ ਸੋਚ ਵੈਲਫੇਅਰ ਸੋਸਾਇਟੀ ਬੁਰਜ ਰਾਠੀ ਵੱਲੋਂ ਧਰਮਸ਼ਾਲਾ ਦੀ ਸਫਾਈ ਕੀਤੀ ਅਤੇ ਲਗਾਏ ਹੋਏ ਬੂਟਿਆਂ ਦੀ ਕਟਾਈ ਕੀਤੀ ਗਈ, ਇਸ ਦੇ ਨਾਲ ਹੀ ਨੌਜਵਾਨ ਵੈਲਫੇਅਰ ਕਲੱਬ ਖੋਖਰ ਕਲਾਂ ਦੇ ਮੈਂਬਰਾਂ ਵੱਲੋਂ ਵਾਟਰ ਵਰਕਸ ਦੀ ਸਫਾਈ ਅਤੇ ਪੌਦਿਆਂ ਦੀ ਸਾਂਭ ਸੰਭਾਲ ਕੀਤੀ ਗਈ। ਉਮੀਦ ਸ਼ੋਸ਼ਲ ਐਂਡ ਵੈਲਫੇਅਰ ਕਲੱਬ ਬੋੜਾਵਾਲ ਵੱਲੋਂ ਸਫ਼ਾਈ ਕਾਰਜ ਨਿਰਵਿਘਨ ਜਾਰੀ ਹੈ। ਆਜ਼ਾਦ ਸੋਚ ਵੈਲਫੇਅਰ ਸੁਸਾਇਟੀ ਬੁਰਜ ਰਾਠੀ ਵੱਲੋਂ ਗੁਰੂਦੁਆਰਾ ਸਾਹਿਬ ਦੇ ਪਾਰਕ ਦੀ ਸਫ਼ਾਈ ਕਰਵਾਈ ਗਈ ਹੈ।
    ਦ ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ ਵੱਲੋਂ ਬਸ ਸਟੈਂਡ ਅਤੇ ਸਿਵਲ ਪਸ਼ੂ ਹਸਪਤਾਲ ਉੱਭਾ ਦੀ ਸਫਾਈ ਕੀਤੀ ਗਈ। ਇਸ ਕਲੱਬ ਵੱਲੋਂ ਸਾਰੇ ਸਹਿਕਾਰੀ ਅਦਾਰਿਆਂ ਦੀ ਸਫਾਈ ਹਰ ਤਿੰਨ ਮਹੀਨਿਆਂ ਬਾਅਦ ਕੀਤੀ ਜਾਂਦੀ ਹੈ। ਕਲੱਬ ਵੱਲੋਂ ਪਿੰਡ ਵਿਚ ਮੌਜੂਦ ਸਾਰੇ ਆਂਗਣਵਾੜੀ ਕੇਂਦਰਾਂ ਦੀ ਸਫਾਈ ਕੀਤੀ ਗਈ ਅਤੇ ਦੋ ਕੇਂਦਰਾਂ ਵਿਚ ਬਲੈਕ ਬੋਰਡ ਵੀ ਲਗਵਾਏ ਗਏ। ਇਨ੍ਹਾਂ ਕੇਂਦਰਾਂ ਵਿਚ ਮਾਪ ਸਕੇਲ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਸਵੇਰ ਦੀ ਸੈਰ ਵੀ ਰੋਜ਼ਾਨਾ ਕਰਵਾਈ ਜਾਂਦੀ ਹੈ। ਕਲੱਬ ਵੱਲੋਂ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਰਾਲੀ ਨਾ ਸਾੜਨ ਦੀ ਮੁਹਿੰਮ ਤਹਿਤ ਪਰਾਲੀ ਦੀਆਂ ਗੱਠਾਂ ਕਲੱਬ ਪ੍ਰਧਾਨ ਵੱਲੋਂ ਲਿਆਂਦੇ ਬੇਲਰ ਨਾਲ ਬਣਾਈਆਂ ਗਈਆਂ। ਕਲੱਬ ਵੱਲੋਂ ਨਿਰੰਤਰ ਕੋਸ਼ਿਸ਼ ਜਾਰੀ ਹੈ ਕਿ ਪਿੰਡ ਵਿਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।
    ਨੌਜਵਾਨ ਏਕਤਾ ਕਲੱਬ ਵੱਲੋਂ ਸਵੇਰ ਦੀ ਸੈਰ, ਬਾਬਾ ਜੀਵਨ ਸਿੰਘ ਲੋਕ ਭਲਾਈ ਕੱਲਬ ਨੰਦਗੜ੍ਹ ਵੱਲੋਂ ਕਬੱਡੀ ਦੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦਸਮੇਸ਼ ਯੂਥ ਕਲੱਬ ਵੱਲੋਂ ਸਰਦੂਲੇਵਾਲਾ ਵਿਖੇ 550 ਰੁੱਖ ਅਤੇ 52 ਤਰਾਂ ਦੇ ਪੌਦੇ ਲਗਾਏ ਗਏ ਹਨ ਅਤੇ ਯੁਵਕ ਸੇਵਾਵਾਂ ਕਲੱਬ ਮੀਆਂ ਵੱਲੋਂ 52 ਪ੍ਰਕਾਰ ਦੇ ਫਲਦਾਰ ਬੂਟਿਆਂ ਦਾ ਮਿੰਨੀ ਪਲਾਂਟ ਲਗਾਇਆ ਗਿਆ ਹੈ।
    ਨੌਜਵਾਨ ਏਕਤਾ ਕਲੱਬ ਭਾਈ ਦੇਸਾ ਵੱਲੋਂ ਪਿੰਡ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਗਿਆ ਅਤੇ ਪਰਾਲੀ ਦੀ ਸਾਂਭ ਸੰਭਾਲ ਅਤੇ ਇਸ ਤੋਂ ਹੋਣ ਵਾਲੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ, ਜਿਸ ਸਦਕਾ ਕਿਸਾਨ ਹਰਪਾਲ ਸਿੰਘ ਢਿੱਲੋਂ ਨੇ 40 ਏਕੜ ਦੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ ਹੈ ਅਤੇ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ।
    ਯੁਵਕ ਸੇਵਾਵਾਂ ਲੋਕ ਭਲਾਈ ਕਲੱਬ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਦੇ ਨੌਜਵਾਨਾਂ ਵੱਲੋਂ ਪਿੰਡ ਵਿਚ ਨਸ਼ਿਆਂ ਵਿਰੁੱਧ, ਪਾਣੀ ਬਚਾਉਣ ਤੇ ਪਰਾਲੀ ਨੂੰ ਅੱਗ ਨਾ ਲਾਉੌਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਨੌਜਵਾਨ ਏਕਤਾ ਕਲੱਬ ਭਾਈ ਦੇਸਾ ਵੱਲੋਂ ਕਰਵਾਏ ਜਾ ਰਹੇ ਨੈਸ਼ਨਲ ਕਬੱਡੀ ਟੂਰਨਾਮੈਂਟ ਦੇ ਗਰਾਊਂਡ ਦੀ ਤਿਆਰੀ ਕੀਤੀ ਗਈ।
    ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਸਮੂਹ ਕਲੱਬਾਂ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਆਮ ਲੋਕ ਇਨ੍ਹਾਂ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਜੋ ਕਿ ਖੁਸ਼ੀ ਦੀ ਗੱਲ ਹੈ। ਆਉਣ ਵਾਲੇ ਦਿਨਾਂ ਵਿਚ ਜਰੂਰ ਹੀ ਵਾਤਾਵਰਣ ਅਤੇ ਪਿੰਡਾ ਦੀ ਨੁਹਾਰ ਬਦਲਣ ਵਿਚ ਕਾਮਯਾਬੀ ਮਿਲੇਗੀ।
          ਇਸ ਦੌਰਾਨ ਸਮੂਹ ਯੂਥ ਕਲੱਬਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਜਿਹੀਆਂ ਗਤੀਵਿਧੀਆਂ ਸੰਭਵ ਨਹੀਂ ਹੋ ਸਕਦੀਆਂ। ਉਨ੍ਹਾਂ ਚੱਲ ਰਹੇ ਨੇਕ ਕਾਰਜਾਂ ਲਈ ਸਹਿਯੋਗੀ ਸਮੂਹ ਲੋਕਾਂ ਅਤੇ ਕਲੱਬਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here