

ਮਾਨਸਾ, 14 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਫੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਿਨਾਂ ਪ੍ਰਵਾਨਗੀ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿਚ ਡਰੋਨ ਕੈਮਰੇ ਦੀ ਮਦਦ ਨਾਲ ਫੋਟੋਗਰਾਫੀ ਕਰਨ ਅਤੇ ਉਡਾਉਣ ਤੇ ਪਾਬੰਦੀ ਲਗਾਈ ਹੈ।
ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਪਿਛਲੇ ਦਿਨਾਂ ਵਿਚ ਗੁਆਂਢੀ ਦੇਸ਼ ਪਾਕਿਸਤਾਨ ਵਿਚ ਬੈਠੇ ਦਹਿਸ਼ਤਗਰਾਂ ਦੇ ਸਰਗਣਿਆਂ ਵੱਲੋਂ ਭਾਰਤ (ਪੰਜਾਬ) ਵਿਚ ਅਸਥਿਰਤਾ ਪੈਦਾ ਕਰਨ ਦੀ ਨੀਯਤ ਨਾਲ ਡਰੋਨ ਦੀ ਮਦਦ ਨਾਲ ਭਾਰਤ (ਪੰਜਾਬ) ਵਿਚ ਬੈਠੇ ਦੇਸ਼ ਵਿਰੋਧੀ ਅਨਸਰਾਂ ਕੋਲ ਨਜਾਇਜ਼ ਅਸਲਾ ਪਹੁੰਚਾਇਆ ਜਾ ਰਿਹਾ ਹੈ। ਜਿਸ ਸਬੰਧੀ ਪਿਛਲੇ ਦਿਨਾਂ ਵਿਚ ਕਾਫੀ ਘਟਨਾਵਾਂ ਧਿਆਨ ਵਿਚ ਆਈਆਂ ਹਨ ਅਤੇ ਅਸਲੇ ਸਮੇਤ ਪੰਜਾਬ ਵਿਚ ਕਾਫੀ ਦੇਸ਼ ਵਿਰੋਧੀ ਅਨਸਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਮਾਨਸਾ ਵਿਖੇ ਵਿਆਹ ਸਮਾਗਮਾਂ ਅਤੇ ਹੋਰ ਫੰਕਸ਼ਨਾਂ ਤੇ ਜਿੱਥੇ ਡਰੋਨ ਕੈਮਰੇ ਦੀ ਮਦਦ ਨਾਲ ਫੋਟੋਗ੍ਰਾਫ਼ੀ ਕੀਤੀ ਜਾਂਦੀ ਹੈ, ਉਨ੍ਹਾਂ ਤੇ ਬਿਨਾਂ ਮਨਜ਼ੂਰੀ ਲਏ ਡਰੋਨ ਕੈਮਰਿਆਂ ਰਾਹੀਂ ਫੋਟੋਗਰਾਫ਼ੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅੱਗੇ ਤੋਂ ਸਬੰਧਤ ਵਿਅਕਤੀ ਉਪ ਮੰਡਲ ਮੈਜਿਸਟਰੇਟ ਪਾਸੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਹੀ ਡਰੋਨ ਕੈਮਿਰਆਂ ਰਾਹੀਂ ਵਿਆਹ ਸਮਾਗਮਾਂ ਅਤੇ ਹੋਰ ਫੰਕਸ਼ਨਾਂ ਵਿਚ ਡਰੋਨ ਕੈਮਰਿਆਂ ਦੀ ਮਦਦ ਨਾਲ ਫੋਟੋਗਰਾਫ਼ੀ ਕਰਵਾ ਸਕਦੇ ਹਨ।
ਇਹ ਹੁਕਮ 15 ਅਕਤੂਬਰ 2019 ਤੋਂ 30 ਨਵੰਬਰ 2019 ਤੱਕ ਲਾਗੂ ਰਹੇਗਾ।























