

ਮਾਨਸਾ, 21 ਸਤੰਬਰ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਲੰਘੀ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਪੁਆਈਆਂ ਗਈਆਂ ਸਨ, ਜੋ ਕਿ ਜ਼ਿਲ੍ਹੇ ਅੰਦਰ ਪੂਰੇ ਅਮਨੋ-ਅਮਾਨ ਨਾਲ ਨੇਪਰੇ ਚੜ੍ਹੀਆਂ। ਉਨ੍ਹਾਂ ਦੱਸਿਆ ਕਿ 22 ਸਤੰਬਰ ਨੂੰ ਹੋਣ ਵਾਲੀ ਗਿਣਤੀ ਦੌਰਾਨ ਕਿਸੇ ਵੀ ਕਿਸਮ ਦੀ ਗਲਤੀ ਨਾ ਰਹੇ, ਇਸ ਲਈ ਅੱਜ ਗਿਣਤੀ ਲਈ ਤਾਇਨਾਤ ਕੀਤੇ ਗਏ ਕੰਮ ਦੀ ਰਿਹਰਸਲ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਗਿਣਤੀ ਪ੍ਰਕਿਰਿਆ 22 ਸਤੰਬਰ ਨੂੰ ਮੁਕੰਮਲ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਗਿਣਤੀ ਲਈ ਤਾਇਨਾਤ ਕੀਤੇ ਗਏ ਸਟਾਫ ਦੀ ਮਾਸਟਰ ਟ੍ਰੇਨਰਾਂ ਵੱਲੋਂ ਰਿਹਰਸਲ ਅੱਜ ਮਾਨਸਾ ਦੇ ਕਾਊਂਟਿੰਗ ਸਟਾਫ ਦੀ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਭੀਖੀ ਦੀ ਬੀ.ਡੀ.ਪੀ.ਓ. ਦਫਤਰ, ਬੁਢਲਾਡਾ ਦੀ ਐਸ.ਡੀ.ਐਮ. ਦਫ਼ਤਰ, ਝੁਨੀਰ ਬਲਾਕ ਦੀ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਅਤੇ ਇਸੇ ਤਰ੍ਹਾਂ ਸਰਦੂਲਗੜ੍ਹ ਦੀ ਬੀ.ਐਸ.ਬੀ. ਮੈਮੋਰੀਅਲ ਕਾਲਜ ਵਿਖੇ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਤਹਿਤ 5 ਆਰ.ਓਜ਼ ਦੀ ਅਗਵਾਈ ਹੇਠ 549 ਬੂਥਾਂ ਲਈ 183 ਕਾਊਂਟਿੰਗ ਪਾਰਟੀਆਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ 183 ਸੁਪਰਵਾਈਜ਼ਰ ਅਤੇ 366 ਕਾਊਂਟਿੰਗ ਸਹਾਇਕ ਤਾਇਨਾਤ ਕੀਤੇ ਗਏ ਹਨ।
EDITED BY : SARA YAHA | | Last Updated : 7:10 pm 21 September 2018























