ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਘਰ-ਘਰ ਚੈਕਿੰਗ

0
14

ਮਾਨਸਾ, 21 ਸਤੰਬਰ ( ਹੀਰਾ ਸਿੰਘ ਮਿੱਤਲ) : ਸਿਵਲ ਸਰਜਨ ਮਾਨਸਾ ਸ਼੍ਰੀ ਲਾਲ ਚੰਦ ਠਕਰਾਲ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਕਾਫ਼ੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਇਨ੍ਹਾਂ ਮੱਛਰਾਂ ਦਾ ਲਾਰਵਾ ਲੱਭਣ ਲਈ ਫਰਿੱਜ ਦੀਆਂ ਟਰੇਆਂ, ਕੁਲਰਾਂ, ਗਮਲੇ, ਟਾਇਰ ਅਤੇ ਟੈਂਕੀਆਂ ਆਦਿ ਦੀ ਚੈਕਿੰਗ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜਿਸ ਇਲਾਕੇ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਉਸ ਪੂਰੇ ਇਲਾਕੇ ਵਿੱਚ ਸਪਰੇਅ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਕੂਲਰਾਂ ਅਤੇ ਫਰਿੱਜਾਂ ‘ਤੇ ਡੇਂਗੂ ਤੋਂ ਸਾਵਧਾਨ ਰਹਿਣ ਅਤੇ ਸਮੇਂ ਸਮੇਂ ‘ਤੇ ਕੂਲਰਾਂ, ਫਰਿੱਜਾਂ ਅਤੇ ਹੋਰ ਸਮਾਨ ਦੀ ਸਾਫ਼-ਸਫਾਈ ਕਰਨ ਲਈ ਪ੍ਰੇਰਿਤ ਕਰਨ ਵਾਲੇ ਸਟਿੱਕਰ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਦੇ ਘਰਾਂ ਜਾਂ ਦੁਕਾਨਾਂ ਵਿੱਚ ਲਾਰਵਾ ਮਿਲਦਾ ਹੈ, ਉਨ੍ਹਾਂ ਦੀ ਲਿਸਟ ਤਿਆਰ ਕਰਕੇ ਨਗਰ ਕੌਂਸਲ ਨੂੰ ਭੇਜੀ ਜਾਂਦੀ ਹੈ ਅਤੇ ਨਗਰ ਕੌਂਸਲ ਦਫ਼ਤਰ ਵਾਲੇ ਉਨ੍ਹਾਂ ਦਾ ਚਲਾਨ ਕੱਟਦੇ ਹਨ। ਇਸ ਦੇ ਨਾਲ ਹੀ ਆਈ.ਈ.ਸੀ. (ਇਨਫਾਰਮੇਸ਼ਨ ਐਜੂਕੇਸ਼ਨ ਕਮਊਨੀਕੇਸ਼ਨ) ਪ੍ਰੋਗਰਾਮ ਤਹਿਤ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ, ਬਾਰੇ ਵੀ ਦੱਸਿਆ ਜਾਂਦਾ ਹੈ।
ਡੇਂਗੂ ਅਤੇ ਮਲੇਰੀਆ ਤੋਂ ਬਚਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਵਰਤੋਂ ਵਿੱਚ ਆਉਣ ਵਾਲੇ ਕੂਲਰਾਂ ਦਾ ਪਾਣੀ ਕੱਢ ਕੇ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰਨੀ ਚਾਹੀਦੀ ਹੈ, ਛੱਤ ‘ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡਰੱਮ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ, ਘਰਾਂ ਦੇ ਆਲੇ-ਦੁਆਲੇ ਅਤੇ ਛੱਤਾਂ ‘ਤੇ ਪਾਣੀ ਇੱਕਠਾ ਨਾ ਹੋਣ ਦਿਓ ਅਤੇ ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ। ਇਸ ਤੋਂ ਇਲਾਵਾ ਇੱਕਠੇ ਹੋਏ ਪਾਣੀ ਵਿੱਚ ‘ਤੇ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਪੜੇ ਅਜਿਹੇ ਪਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢੱਕ ਜਾਵੇ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ।


EDITED BY : SARA YAHA | | Last Updated : 7:05 pm 21 September  2018

LEAVE A REPLY

Please enter your comment!
Please enter your name here