

ਮਾਨਸਾ, 26 ਅਕਤੂਬਰ(ਹੀਰਾ ਸਿੰਘ ਮਿੱਤਲ): ਨਿਰੰਤਰ ਵੱਧ ਰਹੀ ਆਲਮੀ ਤਪਸ਼ ਨੂੰ ਘਟਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੇ ਮਨਸ਼ੇ ਨਾਲ ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਵੱਲੋਂ ਇਸ ਵਾਰ ਪ੍ਰਦੂਸ਼ਣ ਰਹਿਤ ‘ਗਰੀਨ ਦੀਵਾਲੀ’ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਅੱਜ ਇਸ ਸਬੰਧੀ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਨੌਜਵਾਨ ਵਰਗ ਦੀ ਬਹੁਤ ਅਹਿਮੀਅਤ ਹੁੰਦੀ ਹੈ, ਇਸ ਲਈ ਸਕੂਲ ਸਿੱਖਿਆ ਵਿਭਾਗ ਅਤੇ ਨੌਜਵਾਨ ਸੇਵਾਵਾਂ ਵਿਭਾਗ ਦੇ ਅਧਿਕਾਰੀ ਸਾਂਝੇ ਤੌਰ ‘ਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ 5 ਨਵੰਬਰ ਨੂੰ ਸਵੇਰੇ 11 ਵਜੇ ਕੁਦਰਤੀ ਦੀਵਾਲੀ ਮਨਾਉਣ ਸਬੰਧੀ ਸਹੁੰ ਚੁਕਾਉਣ ਦੇ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਤੋਂ ਬਚਾਅ ਸਬੰਧੀ ਸਬੰਧਤ ਇਲਾਕਿਆਂ ਵਿੱਚ ਜਾਗਰੂਕਤਾ ਰੈਲੀਆਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਅਤੇ ਸ਼ਹਿਰ ਵਿੱਚ ਕੁਦਰਤੀ ਦੀਵਾਲੀ ਮਨਾਉਣ ਦੇ ਹੱਕ ਵਿੱਚ ‘ਦਸਤਖ਼ਤੀ ਮੁਹਿੰਮ’ ਚਲਾਈ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਕਾਲਜਾਂ ਅਤੇ ਮਾਨਸਾ ਸ਼ਹਿਰ ਦੇ ਗੁਰਦਵਾਰਾ ਚੌਕ ਵਿੱਚ ਦਸਤਖ਼ਤੀ ਬੋਰਡ ਲਾਉਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਥਾਵਾਂ ‘ਤੇ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਰੱਖਣ ਦੇ ਤਰੀਕੇ ਦਰਸਾਉਂਦੇ ਬੋਰਡ ਲਾਏ ਜਾਣ।
ਡਿਪਟੀ ਕਮਿਸ਼ਨਰ ਨੇ ਨੌਜਵਾਨ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਰਘਬੀਰ ਮਾਨ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਭਾਗ ਅਧੀਨ ਆਉਂਦੇ ਨੌਜਵਾਨ ਕਲੱਬਾਂ ਦੇ ਮੈਂਬਰਾਂ ਦੀ ਰੈਲੀਆਂ ਅਤੇ ਦਸਤਖ਼ਤੀ ਮੁਹਿੰਮ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ‘ਗਰੀਨ ਦੀਵਾਲੀ ਮੁਹਿੰਮ’ ਨਾਲ ਵੱਧ ਤੋਂ ਵੱਧ ਜੁੜਨ ਅਤੇ ਹੋਰਨਾਂ ਲੋਕਾਂ ਨੂੰ ਵੀ ਜੋੜਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਨਵਦੀਪ ਕੁਮਾਰ, ਰੈੱਡ ਕਰਾਸ ਸਕੱਤਰ ਸ੍ਰੀ ਜਗਦੇਵ ਸਿੰਘ, ਮਾਨਸਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਵਿਜੇ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।
EDITED BY : SARA YAHA | | Last Updated : 6:58 pm 26 October 2018
























