*ਮਾਨਸਾ ਵਿੱਚ ਮਨਾਇਆ ਜਾ ਰਿਹਾ ਹੈ ਪਰਿਵਾਰਕ ਭਲਾਈ ਲਈ ਪੁਰਸ਼ਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ‘ਪੁਰਸ਼ ਨਸਬੰਦੀ ਪੰਦਰਵਾੜਾ’*

0
21

ਮਾਨਸਾ  (ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ 21 ਨਵੰਬਰ ਤੋਂ 4 ਦਸੰਬਰ ਤੱਕ ‘ਪੁਰਸ਼ ਨਸਬੰਦੀ ਪੰਦਰਵਾੜਾ’ ਮਨਾਇਆ ਜਾ ਰਿਹਾ ਹੈ। ਡਾ. ਹਰਿੰਦਰ ਸ਼ਰਮਾ, ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ ਲਈ ਮਰਦਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਇਸ ਲਈ ਸਿਹਤ ਵਿਭਾਗ ਮਾਨਸਾ ਵੱਲੋਂ ਇਸ ਪੰਦਰਵਾੜੇ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਰਦ ਨਸਬੰਦੀ (ਨੋ-ਸਕੈਲਪਲ ਵੈਸਕਟੋਮੀ) ਵਿੱਚ ਕੋਈ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ, ਜਿਸ ਕਾਰਨ ਵਿਅਕਤੀ ਇੱਕ ਘੰਟੇ ਬਾਅਦ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਆਮ ਵਾਂਗ ਕੰਮ ਕਰ ਸਕਦਾ ਹੈ। ਡਾ. ਕੰਵਲਪ੍ਰੀਤ ਬਰਾੜ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮਾਨਸਾ ਨੇ ਦੱਸਿਆ ਕਿ ਪੰਦਰਵਾੜੇ ਦੇ ਪਹਿਲੇ ਹਿੱਸੇ ਤਹਿਤ 21 ਨਵੰਬਰ ਤੋਂ 27 ਨਵੰਬਰ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਦੋਂ ਕਿ 28 ਨਵੰਬਰ ਤੋਂ 4 ਦਸੰਬਰ ਤੱਕ ਆਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਨਸਬੰਦੀ ਕਰਾਉਣ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਨਹੀਂ ਹੁੰਦੀ ਅਤੇ ਸਰਕਾਰ ਵੱਲੋਂ ਨਸਬੰਦੀ ਕਰਾਉਣ ਵਾਲੇ ਨੂੰ ₹1100 ਰੁਪਏ ਅਤੇ ਪ੍ਰੇਰਿਤ ਕਰਨ ਵਾਲੇ ਨੂੰ ₹200 ਰੁਪਏ ਦਿੱਤੇ ਜਾਣਗੇ।

LEAVE A REPLY

Please enter your comment!
Please enter your name here