

ਮਾਨਸਾ, 25 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਭਾਰਤ ਵਿੱਚ 1975 ਵਿੱਚ ਲਾਈ ਗਈ ਐਮਰਜੈਂਸੀ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਭਾਜਪਾ ਵੱਲੋਂ ਅੱਜ ਮਾਨਸਾ ਵਿਖੇ ਜ਼ਿਲ੍ਹਾ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਜਗਦੀਪ ਸਿੰਘ ਨਕਈ ਨੇ ਕਿਹਾ ਕਿ 25 ਜੂਨ 1975 ਭਾਰਤ ਦੇ ਲੋਕਤੰਤਰ ਤੇ ਲੱਗੀ ਸਭ ਤੋਂ ਵੱਡੀ ਚੋਟ ਦਾ ਦਿਨ ਸੀ। ਉਹਨਾਂ ਦੱਸਿਆ ਕਿ ਕਾਂਗਰਸ ਦੀ ਤਤਕਾਲੀਨ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਸੰਵਿਧਾਨ, ਨਿਆਂਪਾਲਿਕਾ ਅਤੇ ਮੂਲ ਅਧਿਕਾਰਾਂ ਨੂੰ ਕੁਚਲ ਦਿੱਤਾ ਸੀ। ਇੰਦਰਾ ਗਾਂਧੀ ਨੇ ਅੰਦਰੂਨੀ ਉਥਲ-ਪੁਥਲ ਦੇ ਨਾਂ ਤੇ ਦੇਸ਼ ‘ਤੇ ਐਮਰਜੈਂਸੀ ਲਾ ਦਿੱਤੀ ਗਈ, ਜੋ ਕਿ ਲੋਕਤੰਤਰ ਦੀ ਹੱਤਿਆ ਸੀ।
ਜਗਦੀਪ ਨਕਈ ਨੇ ਕਿਹਾ ਕਿ 21 ਮਹੀਨਿਆਂ ਦੀ ਐਮਰਜੈਂਸੀ ਦੌਰਾਨ ਲਗਭਗ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਜੇਲ੍ਹਾਂ ਵਿੱਚ ਪਾਇਆ ਗਿਆ। ਭਾਜਪਾ ਦੇ ਆਗੂ, ਪੱਤਰਕਾਰ, ਸਮਾਜਕ ਕਾਰਕੁਨ ਅਤੇ ਵਿਦਿਆਰਥੀਆਂ ਤੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਆਖਿਆ ਕਿ ਜਿਨ੍ਹਾਂ ਨੇ ਲੋਕਤੰਤਰ ਦੀ ਰੱਖਿਆ ਲਈ ਜੇਲ੍ਹਾਂ ਕੱਟੀਆਂ, ਅਸੀਂ ਅੱਜ ਉਨ੍ਹਾਂ ਸਭ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਦੇ ਹਾਂ। ਇਹ ਕੇਵਲ ਇੱਕ ਇਤਿਹਾਸਿਕ ਘਟਨਾ ਦੀ ਯਾਦ ਨਹੀਂ, ਸਗੋਂ ਲੋਕਤੰਤਰ ਬਚਾਉਣ ਦੀ ਲੜਾਈ ਦੀ ਪ੍ਰੇਰਣਾ ਹੈ।
ਜਗਦੀਪ ਸਿੰਘ ਨਕਈ ਨੇ ਕਿਹਾ ਕਿ:
“ਕਾਂਗਰਸ ਦੀ ਸੋਚ ਅੱਜ ਵੀ ਵਧੀਕ ਤਾਨਾਸ਼ਾਹੀ ਵੱਲ ਹੈ। 1975 ਵਿੱਚ ਪੱਤਰਕਾਰਾਂ ਦੀ ਆਵਾਜ਼ ਨੂੰ ਚੁੱਪ ਕਰਵਾਇਆ ਗਿਆ। ਅੱਜ ਵੀ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਤੇ ਗਲਤ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।”
ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਦੌਰ ਵਿੱਚ ਲੋਕਤੰਤਰ ਦੀ ਮਹੱਤਾ ਨੂੰ ਹੋਰ ਵਧਾਇਆ ਗਿਆ ਹੈ। ਆਮ ਲੋਕ, ਨੌਜਵਾਨ ਅਤੇ ਪੱਤਰਕਾਰ ਆਜ਼ਾਦੀ ਨਾਲ ਆਪਣੇ ਵਿਚਾਰ ਰੱਖ ਸਕਦੇ ਹਨ। ਉਹਨਾਂ ਕਿਹਾ ਕਿ ਐਮਰਜੈਂਸੀ ਦਾ ਇਹ ਕਾਲਾ ਅਧਿਆਏ ਸਾਡੀ ਪੀੜ੍ਹੀ ਨੂੰ ਹਮੇਸ਼ਾ ਯਾਦ ਰਹੇਗਾ ਕਿ ਲੋਕਤੰਤਰ ਦੀ ਰਾਖੀ ਕਰਨਾ ਕਿੰਨਾ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਸਮਾਂ ਕੱਟਿਆ ਸੀ। ਇਸ ਮੌਕੇ ਉਹਨਾਂ ਨਾਲ ਸਰਜੀਵਨ ਜਿੰਦਲ ਸੰਗਰੂਰ ਸਟੇਟ ਮੈਬਰ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ ਅਤੇ ਇਸਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਕੇਸ਼ ਜੈਨ ਜੀ, ਬੱਬੀ ਦਾਨੇਵਾਲੀਆ, ਮਨਦੀਪ ਸਿੰਘ ਮਾਨ, ਮੱਖਣ ਲਾਲ, ਭੋਲ਼ਾ ਸਿੰਘ ਸੂਬੇਦਾਰ ਰੋਹਿਤ ਬਾਂਸਲ, ਅਮਰਜੀਤ ਕਟੋਦੀਆ , ਦਿਲਬਾਗ ਸਿੰਘ ਫਫੜੇ, ਗੁਰਤੇਜ ਸਿੰਘ ਸਮਾਓ, ਅਮਰਿੰਦਰ ਸਿੰਘ ਕਾਕਾ , ਅਮਨਦੀਪ ਸਿੰਘ, ਪੂਨਮ ਕੁਮਾਰੀ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਿਲ ਸਨ।























