

ਮਾਨਸਾ, 9 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਅਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਲਈ ਚੋਣ ਅਮਲੇ ਦੀ ਦੂਜੀ ਰੈਂਡੇਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਵੀ ਮੌਜੂਦ ਸਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 547 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਅੱਜ ਪੋਲਿੰਗ ਸਟਾਫ਼ ਦੀ ਦੂਜੀ ਰੈਂਡੇਮਾਈਜ਼ੇਸ਼ਨ ਹੋਈ ਹੈ। ਜ਼ਿਲ੍ਹੇ ਵਿਚ ਚੋਣਾਂ ਸੁੱਚਜੇ ਢੰਗ ਨਾਲ ਕਰਵਾਉਣ ਲਈ 3756 ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਕਰੀਬ 37 ਫ਼ੀਸਦੀ ਵਾਧੂ ਪੋਲਿੰਗ ਸਟਾਫ਼ ਰੱਖਿਆ ਜਾਵੇਗਾ ਤਾਂ ਜੋ ਚੋਣ ਅਮਲ ਨੂੰ ਅਮਨ-ਅਮਾਨ ਅਤੇ ਬਿਹਤਰ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਟੀ.ਬੈਨਿਥ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣਾਂ ਹੋ ਰਹੀਆਂ ਹਨ, ਜਿਸ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ.ਮਾਨਸਾ ਹਨ। ਪੰਚਾਇਤ ਸੰਮਤੀ ਮਾਨਸਾ ਦੇ 25 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ ਜਿਸ ਦੇ ਰਿਟਰਨਿੰਗ ਅਫ਼ਸਰ ਐਕਸੀਅਨ ਮਾਈਨਜ਼ ਹਨ। ਪੰਚਾਇਤ ਸੰਮਤੀ ਸਰਦੂਲਗੜ੍ਹ ਦੇ 15 ਜ਼ੋਨਾਂ ਲਈ ਐਸ.ਡੀ.ਐਮ. ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹਨ। ਪੰਚਾਇਤ ਸੰਮਤੀ ਬੁਢਲਾਡਾ ਦੇ 25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਬੁਢਲਾਡਾ ਹਨ। ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ ਜਿਸ ਦੇ ਲਈ ਮੰਡਲ ਇੰਜੀਨੀਅਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਨੂੰ ਰਿਟਰਨਿੰਗ ਅਫ਼ਸਰ ਝੁਨੀਰ ਲਗਾਇਆ ਗਿਆ ਹੈ।























