

ਬੁਢਲਾਡਾ 6 ਅਗਸਤ (ਸਾਰਾ ਯਹਾਂ/ ਮੇਹਤਾ ਅਮਨ) ਮਹਾਨ ਸਮਾਜ ਸੇਵੀ ਅਤੇ ਦਰਵੇਸ਼ ਮੂਰਤ ਭਗਤ ਪੂਰਨ ਸਿੰਘ ਜੀ ਦਾ 33ਵਾਂ ਬਰਸੀ ਦਿਹਾੜਾ ਅੱਜ ਬਹੁਤ ਥਾਵਾਂ ਤੇ ਮਨਾਇਆ ਗਿਆ। ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਵੀ ਭਗਤ ਪੂਰਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸੰਸਥਾ ਦੇ ਦਫਤਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਉਹਨਾਂ ਦੀ ਬਰਸੀ ਮੌਕੇ ਅੱਜ 5 ਅਗਸਤ ਨੂੰ ਸ਼ਾਮ ਸਮੇਂ ਸੰਸਥਾ ਦੇ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਮਾਸਟਰ ਕੁਲਵੰਤ ਸਿੰਘ,ਸੁਖਦਰਸ਼ਨ ਸਿੰਘ ਕੁਲਾਨਾ, ਦਰਬਾਰਾ ਸਿੰਘ ਦਾਰਾ, ਜਸਵਿੰਦਰ ਸਿੰਘ ਵਿਰਕ, ਰਜਿੰਦਰ ਨੇ ਉਹਨਾਂ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ 1704 ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਜਨਮੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਲੋੜਵੰਦਾਂ ਦੇ ਲੇਖੇ ਲਾ ਦਿੱਤਾ। ਬਚਪਨ ਦੇ ਨਾਮ ਰਾਮ ਜੀ ਦਾਸ ਤੋਂ ਲੋਕਾਂ ਨੇ ਉਹਨਾਂ ਨੂੰ ਭਗਤ ਪੂਰਨ ਸਿੰਘ ਦਾ ਨਾਮ ਦਿੱਤਾ। ਸਮਾਜ ਸੇਵਾ ਨੂੰ ਸਮਰਪਿਤ ਉਹਨਾਂ ਵਿਆਹ ਵੀ ਨਹੀਂ ਕਰਵਾਇਆ। ਵੀਹ ਸਾਲ ਦੀ ਉਮਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੋਂ ਪਿਆਰਾ ਸਿੰਘ ਨਾਮ ਇੱਕ ਅਪਾਹਜ ਦੀ ਸੰਭਾਲ ਤੋਂ ਸ਼ੁਰੂ ਕੀਤੀ ਸੇਵਾ ਅੱਜ ਦੇਸ਼ ਵਿਦੇਸ਼ਾਂ ਵਿੱਚ ਪਿੰਗਲਵਾੜਿਆਂ ਦੇ ਰੂਪ ਵਿੱਚ ਚੱਲ ਰਹੀ ਹੈ। ਉਹਨਾਂ ਨੂੰ ਇਹਨਾਂ ਸੇਵਾਵਾਂ ਬਦਲੇ ਪਦਮ ਵਿਭੂਸ਼ਣ ਸਮੇਤ ਅਨੇਕਾਂ ਸਨਮਾਨ ਮਿਲੇ। ਅੰਤ ਤੱਕ ਸਮਾਜ ਸੇਵਾ ਕਰਦੇ ਹੋਏ ਉਹ ਅੱਜ ਦੇ ਦਿਨ 5 ਅਗਸਤ 1992 ਨੂੰ ਬੀਬੀ ਇੰਦਰਜੀਤ ਕੌਰ ਜੀ ਨੂੰ ਪਿੰਗਲਵਾੜਾ ਦੀ ਜ਼ਿਮੇਵਾਰੀ ਸੌਂਪ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਅੱਜ ਉਹਨਾਂ ਦੀ ਯਾਦ ਦੇਸ਼ ਵਿਦੇਸ਼ਾਂ ਵਿੱਚ ਮਨਾਈ ਜਾ ਰਹੀ ਹੈ। ਅੱਜ ਉਹਨਾਂ ਦੀ ਯਾਦ ਵਿੱਚ ਸੰਸਥਾ ਵਲੋਂ ਲੋੜਵੰਦਾਂ ਦੀ ਸਹਾਇਤਾ ਨਾਲ ਫ੍ਰੀ ਡਿਸਪੈਂਸਰੀ ਦੀ ਅਰੰਭਤਾ ਕੀਤੀ ਗਈ। ਸ਼ੁਰੂਆਤ ਵਿੱਚ ਹਰ ਰੋਜ਼ ਸ਼ਾਮ 4 ਵਜੇ ਤੋਂ 5.30 ਵਜੇ ਤੱਕ ਲੋੜਵੰਦਾਂ ਨੂੰ ਡਾਕਟਰ ਸੁਰਿੰਦਰ ਤਨੇਜਾ ਰਾਹੀਂ ਫ੍ਰੀ ਦਵਾਈ ਦਿੱਤੀ ਜਾਵੇਗੀ ਅਤੇ ਮਲਮ ਪੱਟੀ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚਰਨਜੀਤ ਸਿੰਘ ਝਲਬੂਟੀ,ਬਲਬੀਰ ਸਿੰਘ ਕੈਂਥ, ਕਾਮਰੇਡ ਹਰਦਿਆਲ ਸਿੰਘ, ਜਸਪਾਲ ਸਿੰਘ ਦਾਤੇਵਾਸ, ਮਿਸਤਰੀ ਮਿੱਠੂ ਸਿੰਘ, ਦਵਿੰਦਰਪਾਲ ਸਿੰਘ, ਅਵਤਾਰ ਸਿੰਘ ਭੱਟੀ, ਲੱਕੀ ਸਟੂਡੀਓ, ਗੁਰਸੇਵਕ ਸਿੰਘ ਸਿੱਧੂ, ਮਾਂ: ਜਸਪ੍ਰੀਤ ਸਿੰਘ, ਮਹਿੰਦਰਪਾਲ ਸਿੰਘ ਅਨੰਦ, ਬਾਬਾ ਸਰੂਪ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਖਾਨ ,ਜੀਤ ਸਿੰਘ ਆਦਿ ਹਾਜ਼ਰ ਸਨ।























