

ਬੁੱਢਲਾਡਾ 1 ਅਪ੍ਰੈਲ (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਰਾਸ਼ਨ ਲੱਗੇ 200 ਤੋਂ ਵੱਧ ਪਰਿਵਾਰਾਂ ਦੇ ਕਾਰਡਾਂ ਨੂੰ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਨਵੇਂ ਬਣਾਉਣ ਦਾ ਕਾਰਜ਼ ਸ਼ੁਰੂ ਕੀਤਾ ਗਿਆ , ਜਿਸਦੀ ਸ਼ੁਰੁਆਤ ਹਲ਼ਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਐਸ ਡੀ ਐਮ ਗਗਨਦੀਪ ਸਿੰਘ ਸਮੇਤ ਸੰਸਥਾ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਪਿਛਲੇ 11 ਸਾਲਾਂ ਤੋਂ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਦੇ ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਪੜ੍ਹਦੇ ਬੱਚਿਆਂ ਦਾ ਪੜ੍ਹਾਈ ਖ਼ਰਚ, ਬੱਚੀਆਂ ਦੇ ਵਿਆਹ ਅਤੇ ਇਲਾਜ਼ ਮਦਦ ਕੀਤੀ ਜਾ ਰਹੀ ਹੈ। ਹਰ ਸਾਲ ਅਪ੍ਰੈਲ ਵਿੱਚ ਪਰਿਵਾਰਾਂ ਦੀ ਛਾਣਬੀਣ ਕਰਕੇ ਨਵੇਂ ਕਾਰਡ ਬਣਾਏ ਜਾਂਦੇ ਹਨ ਜਿਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਕਾਰਡਾਂ ਦੇ ਨਾਲ ਹਰ ਪਰਿਵਾਰ ਨੂੰ ਦੋ ਦੋ ਸੂਟ ਵੀ ਦਿੱਤੇ ਜਾ ਰਹੇ ਹਨ।ਸਵੇਰੇ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਰਾਸ਼ਨ ਸਮੇਤ ਸਾਰੀਆਂ ਸੇਵਾਵਾਂ ਬਿਨਾਂ ਕਿਸੇ ਭੇਦ ਭਾਵ ਦੇ ਦਿੱਤੀਆਂ ਜਾਂਦੀਆਂ ਹਨ। ਲੋੜਵੰਦ ਕਿਸੇ ਵੀ ਧਰਮ ਜਾਤ ਫ਼ਿਰਕੇ ਦਾ ਹੋ ਸਕਦਾ ਹੈ। ਇਹ ਸੇਵਾਵਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਧਵਾਵਾਂ ਦੇ ਬੱਚੇ 16 ਸਾਲ ਤੋਂ ਛੋਟੇ ਹੁੰਦੇ ਹਨ,ਪਤੀ ਮਰ ਜਾਂਦਾ ਹੈ ਜਾਂ ਅੰਗਹੀਣ ਹੋ ਜਾਂਦਾ ਹੈ। ਨਵੇਂ ਲੋੜਵੰਦ ਪਰਿਵਾਰਾਂ ਦੇ ਕਾਰਡ 15 ਅਪ੍ਰੈਲ ਤੋਂ ਬਾਅਦ ਬਣਾਏ ਜਾਣਗੇ। ਉਹਨਾਂ ਕਿਹਾ ਕਿ ਸੰਸਥਾ ਵਲੋਂ ਹੋਰ ਵੀ ਅਨੇਕਾਂ ਸਮਾਜ ਭਲਾਈ ਕਾਰਜ਼ ਵੀ ਕੀਤੇ ਜਾ ਰਹੇ ਹਨ। ਜਲਦੀ ਹੀ ਰਾਹਗੀਰਾਂ ਅਤੇ ਜ਼ਿਮੀਂਦਾਰਾਂ ਨੂੰ ਪਾਣੀ ਪਿਆਉਣ ਲਈ ਦੋ ਚੱਲਦੇ ਫਿਰਦੇ ਰਿਕਸ਼ਿਆਂ ਤੋਂ ਇਲਾਵਾ ਬੱਸ ਸਟੈਂਡ, ਹਸਪਤਾਲ , ਤਹਿਸੀਲ ਕੰਪਲੈਕਸ,ਨਗਰ ਕੌਂਸਲ ਦਫ਼ਤਰ ਵਿਖੇ ਪਿਆਓ ਸ਼ੁਰੂ ਕੀਤੇ ਜਾ ਰਹੇ ਹਨ। ਸੰਸਥਾ ਵਲੋਂ ਪਹੁੰਚੇ ਹਲਕਾ ਵਿਧਾਇਕ ਅਤੇ ਐਸ ਡੀ ਐਮ ਸਮੇਤ ਸਾਰੇ ਦਾਨੀ ਸੱਜਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਕੁਲਵਿੰਦਰ ਸਿੰਘ ਈ ਓ, ਦਵਿੰਦਰ ਪਾਲ ਸਿੰਘ ਲਾਲਾ, ਜਸਵਿੰਦਰ ਸਿੰਘ ਤੇ ਅਨੇਕਾਂ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।























