

ਮਾਨਸਾ, 02 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਮਾਨਸਾ ਜ਼ਿਲ੍ਹੇ ਵਿਚ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਗਾਂਧੀ ਸੀਨੀਅਰ ਸੈਕੰਡਰੀ ਸਕੂਲ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਮਾਰਚ ਕੱਢਣ ਦੇ ਨਾਲ ਨਾਲ ਮਾਨਸਾ ਸ਼ਹਿਰ ਦੇ ਸਾਰੇ 27 ਵਾਰਡਾਂ ਵਿਚ ਵਿਸ਼ਾਲ ਸਫ਼ਾਈ ਅਭਿਆਨ ਚਲਾ ਕੇ ਰਾਸ਼ਟਰ ਪਿਤਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਸਮਾਜ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਸ਼ਾਂਤੀ ਮਾਰਚ ਦੀ ਅਗਵਾਈ ਕੀਤੀ। ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਉਸ ਸਮੇਂ ਹੋਵੇਗੀ ਜਦੋਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਖੇਤਰ ਪਲਾਸਟਿਕ ਮੁਕਤ ਹਨ ਅਤੇ ਸੜਕਾਂ ਤੇ ਕੋਈ ਵੀ ਗੰਦਗੀ ਨਹੀਂ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪਹੁੰਚਣ ਤੇ ਉਨ੍ਹਾਂ ਸਵੱਛਤਾ ਮੁਹਿੰਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਤਹਿਤ ਮਾਨਸਾ ਨਗਰ ਕੌਂਸਲ ਦੇ ਸਾਰੇ 27 ਵਾਰਡਾਂ ਦੀ ਸਫ਼ਾਈ ਕੀਤੀ ਗਈ।
ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 3100 ਵਿਦਿਆਰਥੀਆਂ ਅਤੇ ਨਿਰੰਕਾਰੀ ਮਿਸ਼ਨ ਸਮੇਤ ਇਕ ਐਨ.ਜੀ.ਓ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਐਨ.ਜੀ.ਓ. ਨਿਰੰਕਾਰੀ ਮਿਸ਼ਨ ਦੇ ਲਗਭਗ 100 ਵਲੰਟੀਅਰਾਂ ਨੇ ਜ਼ਿਲ੍ਹਾ ਅਦਾਲਤਾਂ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪੂਰੇ ਖੇਤਰ ਦੀ ਸਫ਼ਾਈ ਕੀਤੀ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਸਮੂਹ ਐਨ.ਜੀ.ਓਜ਼ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਸਫ਼ਾਈ ਅਭਿਆਨ ਵਿਚ ਭਾਗ ਲੈਣ ਵਾਲਿਆਂ ਨੂੰ ਸਫਾਈ ਅਭਿਆਨ ਚਲਾਉਣ ਲਈ ਮਾਸਕ ਅਤੇ ਦਸਤਾਨੇ ਪ੍ਰਦਾਨ ਕੀਤੇ ਗਏ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਸਫਾਈ ਸੇਵਕਾਂ ਨੂੰ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਣ ਲਈ ਕਿਹਾ ਗਿਆ। ਸਕੂਲੀ ਵਿਦਿਆਰਥੀਆਂ ਨੇ ਲੋਕਾਂ ਨੂੰ ਪਲਾਸਟਿਕ ਨੂੰ ਨਾਂਹ ਕਰਨ ਲਈ ਅਨੋਖੇ ਢੰਗ ਨਾਲ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਘਰ ਘਰ ਜਾ ਕੇ ਪਲਾਸਟਿਕ ਦੇ ਬੈਗ ਇਕੱਠੇ ਕੀਤੇ ਅਤੇ ਲੋਕਾਂ ਨੂੰ ਪਲਾਸਟਿਕ ਦੀ ਬਜਾਇ ਕੱਪੜੇ ਜਾਂ ਜੂਟ ਦੇ ਬੈਗ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਵੰਤ ਕੌਰ, ਸਵੱਛ ਭਾਰਤ ਪ੍ਰੇਰਕ ਸ੍ਰੀ ਆਦਿੱਤਯ ਮਦਾਨ, ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀ ਮਨਦਪੀ ਗੋਰਾ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ, ਸਾਈਕਲ ਗਰੁੱਪ, ਵਾਤਾਰਵਣ ਸੁਸਾਇਟੀ ਅਤੇ ਰੋਟਰੀ ਕਲੱਬ ਸਮਾਰੋਹ ਦਾ ਹਿੱਸਾ ਸਨ।

ਗਾਂਧੀ ਜਯੰਤੀ ਮੌਕੇ ਨਗਰ ਪੰਚਾਇਤ ਭੀਖੀ ਵਿਖੇ ਕੱਪੜੇ ਦੇ ਬੈਗ ਲੋਕਾਂ ਨੂੰ ਮੁਫ਼ਤ ਵੰਡੇ ਗਏ। ਇਸੇ ਤਰਾਂ ਪਿੰਡਾਂ ਵਿਚ ਵੀ ਵੱਖ-ਵੱਖ ਯੂਥ ਕਲੱਬਾਂ ਨੇ ਸਫ਼ਾਈ ਅਭਿਆਨ ਚਲਾਇਆ। ਨਗਰ ਪੰਚਾਇਤ ਸਰਦੂਲਗੜ੍ਹ, ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ, ਸ਼ਹੀਦ ਭਗਤ ਸਿੰਘ ਸਹਿਯੋਗੀ ਕਲੱਬ ਗਹਿਲੋ ਨੇ ਵੀ ਆਪਣੇ ਪਿੰਡਾਂ ਦੇ ਇਲਾਕਿਆਂ ਦੀ ਸਫ਼ਾਈ ਕੀਤੀ।























