

ਦੁਬਈ : ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮ ਏਸ਼ੀਆ ਕੱਪ 2018 ਵਿਚ 19 ਸਤੰਬਰ ਭਾਵ ਅੱਜ ਚੈਂਪੀਅਨਸ ਟਰਾਫੀ ਤੋਂ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਹਨ। ਇਸ ਮੈਚ ਵਿਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਹ ਮੈਚ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਾਕਿ ਨੂੰ ਭਾਰਤ ਨੇ ਪਹਿਲਾ ਝਟਕਾ 2 ਦੌਡ਼ਾਂ ‘ਤੇ ਦਿੱਤਾ। ਇਮਾਮ 2 ਦੌਡ਼ਾਂ ਬਣਾ ਕੇ ਭੁਵਨੇਸ਼ਵਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਚੈਂਪੀਅਨਸ ਟਰਾਫੀ ਵਿਚ ਭਾਰਤ ਖਿਲਾਫ ਸੈਂਕਡ਼ਾ ਲਗਾਉਣ ਵਾਲੇ ਬੱਲੇਬਾਜ਼ ਫਖਰ ਜਮਾਨ ਨੂੰ ਵੀ ਭੁਵਨੇਸ਼ਵਰ ਨੇ ਜੀਰੋ ਦੇ ਸਕੋਰ ‘ਤੇ ਆਪਣਾ ਸ਼ਿਕਾਰ ਬਣਾ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਦੌਰਾਨ ਬਾਬਰ ਆਜ਼ਮ ਅਤੇ ਸ਼ੋਇਬ ਮਲਿਕ ਨੇ ਕੁਝ ਦੇਰ ਟੀਮ ਲਡ਼ਖਡ਼ਾ ਰਹੀ ਟੀਮ ਨੂੰ ਸੰਭਾਲਿਆ ਅਤੇ ਟੀਮ ਦਾ ਸਕੋਰ 85 ਤੱਕ ਲੈ ਗਏ। ਇਸ ਦੌਰਾਨ 47 ਦੌਡ਼ਾਂ ਬਣਾ ਖੇਡ ਰਹੇ ਬਾਬਰ ਨੂੰ ਚਾਈਨਾ ਮੈਨ ਕੁਲਦੀਪ ਯਾਦਵ ਨੇ ਸ਼ਿਕਾਰ ਬਣਾਇਆ ਅਤੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਪਾਕਿ ਕਪਤਾਨ ਸਰਫਰਾਜ਼ ਅਹਿਮਦ ਸਿਰਫ 6 ਦੌਡ਼ਾਂ ਦਾ ਹੀ ਟੀਮ ਲਈ ਯੋਗਦਾਨ ਕਰ ਸਕੇ ਅਤੇ ਕੇਦਾਰ ਦਾ ਸ਼ਿਕਾਰ ਬਣ ਕੇ ਪਵੇਲੀਅਨ ਪਰਤ ਗਏ। ਪਾਕਿ ਨੂੰ ਵੱਡਾ ਝਟਕਾ ਤਦ ਲੱਗਾ ਜਦੋਂ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਸ਼ੋਇਬ ਮਲਿਕ 43 ਦੌਡ਼ਾਂ ਬਂਣਾ ਕੇ ਰਨਆਊਟ ਹੋਏ। 6ਵਾਂ ਝਟਕਾ ਆਸਿਫ ਅਲੀ (9 ਦੌਡ਼ਾਂ) ਦੇ ਰੂਪ ਵਿਚ ਲੱਗਾ।
LIVE SCORE : 141/7 (37.1 Ovs)

ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਪ੍ਰਸ਼ੰਸਕ ਟੀ. ਵੀ. ਜਾਂ ਰੇਡੀਓ ਨਾਲ ਜੁੜੇ ਰਹਿੰਦੇ ਹਨ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਜਿੱਥੇ ਪਹਿਲਾ ਮੈਚ ਹਾਂਗਕਾਂਗ ਤੋਂ 8 ਵਿਕਟਾਂ ਨਾਲ ਜਿੱਤ ਚੁੱਕਾ ਹੈ ਉੱਥੇ ਹੀ ਭਾਰਤ ਨੇ ਵੀ 18 ਸਤੰਬਰ ਨੂੰ ਹਾਂਗਕਾਂਗ ਖਿਲਾਫ ਹੋਏ ਆਪਣੇ ਪਹਿਲੇ ਮੁਕਾਬਲੇ ਵਿਚ 26 ਦੌਡ਼ਾਂ ਨਾਲ ਜਿੱਤ ਦਰਜ ਕੀਤੀ। ਇਸ ਹਾਈ ਵੋਲਟੇਜ ਮੈਚ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਸੀ।

ਏਸ਼ੀਆ ਕੱਪ ਵਿਚ ਕਿਸ ਦਾ ਪਲੜਾ ਭਾਰੀ
ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਵਿਚ ਹੁਣ ਤੱਕ 11 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ ਜਿਸ ਵਿਚ ਭਾਰਤ ਨੇ 6 ਮੈਚ ਜਦਕਿ ਪਾਕਿ ਨੇ 5 ਮੈਚ ਜਿੱਤੇ ਹਨ। ਉੱਥੇ ਹੀ ਇਕ ਮੈਚ ਨਤੀਜੇ ਤੋਂ ਬਿਨਾ ਹੀ ਖਤਮ ਕਰਨਾ ਪਿਆ। ਭਾਰਤ ਇਸ ਜਿੱਤੇ ਦੇ ਰਿਕਾਰਡ ਨੂੰ ਬਿਹਤਰ ਬਣਾਉਣਾ ਚਾਹੇਗਾ। ਉੱਥੇ ਹੀ ਪਾਕਿਸਤਾਨ ਇਹ ਮੈਚ ਜਿੱਤ ਕੇ ਰਿਕਾਰਡ ਵਿਚ ਭਾਰਤ ਦੀ ਬਰਾਬਰੀ ਕਰਨਾ ਚਾਹੇਗਾ। ਅੰਕੜੇ ਏਸ਼ੀਆ ਕੱਪ ਵਿਚ ਭਾਰਤ ਦਾ ਪਲੜਾ ਭਾਰੀ ਦਸਦੇ ਹਨ।

ਟੂਰਮਾਮੈਂਟ ਦੀ ਸ਼ੁਰੂਆਤ
ਇਹ ਟੂਰਨਾਮੈਂਟ ਪਹਿਲੀ ਵਾਰ ਸਾਲ 1984 ਵਿਚ ਸੰਯੁਕਤ ਅਮਰੀਤਾ ਵਿਖੇ ਖੇਡਿਆ ਗਿਆ ਸੀ। ਇਸ ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਟੀਮਾਂ ਨੇ ਹਿੱਸਾ ਲਿਆ ਸੀ। ਭਾਰਤ ਨੇ ਪਹਿਲਾ ਮੈਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ। ਭਾਰਤ ਦਾ ਫਾਈਨਲ ਵਿਚ ਪਾਕਿਸਤਾਨ ਨਾਲ ਸਾਹਮਣਾ ਹੋਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ ਸੀ ਜਿਸ ਦੇ ਜਵਾਬ ਵਿਚ ਪਾਕਿ ਟੀਮ 134 ਦੌੜਾਂ ‘ਤੇ ਹੀ ਢੇਰ ਹੋ ਗਈ ਸੀ ਅਤੇ ਭਾਰਤ ਨੇ ਪਹਿਲੀ ਵਾਰ ਇਸ ਖਿਤਾਬ ‘ਤੇ ਕਬਜਾ ਕੀਤਾ ਸੀ। ਜੇਕਰ ਗੱਲ ਕਰੀਏ ਇਸ ਟੂਰਨਾਮੈਂਟ ਨੂੰ ਜਿੱਤਣ ਦੀ ਤਾਂ ਭਾਰਤ ਹੁਣ ਤੱਕ 6 ਵਾਰ ਜਿੱਤ ਹਾਸਲ ਕਰ ਚੁੱਕਾ ਹੈ। ਉੱਥੇ ਹੀ ਪਾਕਿਸਤਾਨ ਸਿਰਫ 2 ਵਾਰ ਹੀ ਟੂਰਨਾਮੈਂਟ ਜਿੱਤਣ ‘ਚ ਸਫਲ ਰਿਹੈ।

ਭਾਰਤ ਅਤੇ ਪਾਕਿਸਤਾਨ ਦੀ ਤਾਕਤ
ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਟੀਮ ਚੈਂਪੀਅਨਸ ਟਰਾਫੀ ਫਾਈਨਲ ਵਿਚ ਭਾਰਤ ਖਿਲਾਫ ਮਿਲੀ ਜਿੱਤ ਕਾਰਨ ਉਤਸ਼ਾਹਿਤ ਹੋਵੇਗੀ। ਪਾਕਿ ਟੀਮ ਆਪਣੀ ਇਸ ਜਿੱਤ ਦੀ ਲੈਅ ਨੂੰ ਜਾਰੀ ਰੱਖਣਾ ਚਾਹੇਗੀ। ਉੱਥੇ ਹੀ ਭਾਰਤ ਇਸ ਟੂਰਨਾਮੈਂਟ ਵਿਚ ਆਪਣੇ ਸਭ ਤੋਂ ਭਰੇਸੇਮੰਦ ਕਪਤਾਨ ਵਿਰਾਟ ਕੋਹਲੀ ਤੋਂ ਬਿਨਾ ਉੱਤਰ ਰਹੀ ਹੈ। ਵਿਰਾਟ ਨੂੰ ਇਸ ਟੂਰਨਾਮੈਂਟ ਵਿਚ ਆਰਾਮ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਬੱਲੇਬਾਜ਼ੀ ਹੈ। ਉੱਥੇ ਹੀ ਪਾਕਿਸਤਾਨ ਦੀ ਤਾਕਤ ਉਸ ਦੀ ਗੇਂਦਬਾਜ਼ੀ ਹੈ।

3 ਪਾਕਿ ਖਿਡਾਰੀ ਭਾਰਤ ਦੀ ਜਿੱਤ ਵਿਚ ਬਣ ਸਕਦੇ ਹਨ ਰੋਡ਼ਾ
ਫਖਰ ਜਮਾਨ
ਪਾਕਿਸਤਾਨ ਟੀਮ ਲਈ ਮੌਜੂਦਾ ਸਮੇਂ ਵਿਚ ਸਲਾਮੀ ਬੱਲੇਬਾਜ਼ ਫਖਰ ਜਮਾਨ ਅਜਿਹੇ ਖਿਡਾਰੀ ਹਨ ਜੋ ਪਾਕਿ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਫਖਰ ਜਮਾਨ ਫਾਰਮ ਵਿਚ ਚਲ ਰਹੇ ਹਨ। ਉਸ ਦੇ ਬੱਲੇ ਨਾਲ ਪਿਛਲੇ 5 ਵਨ ਡੇ ਮੈਚਾਂ ਵਿਚ 515 ਦੌੜਾਂ ਨਿਕਲੀਆਂ ਹਨ ਜਿਸ ਵਿਚ 2 ਅਰਧ ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਭਾਰਤ ਖਿਲਾਫ ਫਖਰ ਨੇ ਹੁਣ ਤੱਕ ਇਕ ਮੈਚ ਖੇਡਿਆ ਹੈ। ਉਹ ਮੈਚ ਚੈਂਪੀਅਨਸ ਟਰਾਫੀ ਦਾ ਫਾਈਨਲ ਸੀ ਜਿਸ ਵਿਚ ਉਹ ਭਾਰਤ ਦੀ ਹਾਰ ਦਾ ਮੁੱਖ ਕਾਰਣ ਬਣਿਆ ਸੀ। ਉਸ ਨੇ 106 ਗੇਂਦਾਂ ਵਿਚ 114 ਦੌੜਾਂ ਦੀ ਪਾਰੀ ਖੇਡੀ ਸੀ।

ਹਸਨ ਅਲੀ
ਹਸਨ ਅਲੀ ਪਾਕਿ ਟੀਮ ਦੇ ਮਹੱਤਵਪੂਰਨ ਗੇਂਦਬਾਜ਼ ਹਨ। ਉੱਥੇ ਹੀ ਹਸਨ ਨੇ ਭਾਰਤ ਖਿਲਾਫ ਖੇਡੇ ਆਪਣੇ ਆਖਰੀ ਮੈਚ ਵਿਚ ਸਨਸਨੀ ਫੈਲਾ ਦਿੱਤੀ ਸੀ। ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਹਸਨ ਨੇ 6.3 ਓਵਰਾਂ ਦੀ ਗੇਂਦਬਾਜ਼ੀ ਕੀਤੀ ਜਿਸ ਵਿਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸੀ।

ਸ਼ੋਇਬ ਮਲਿਕ
ਪਾਕਿਸਤਾਨ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਸ਼ੋਇਬ ਮਲਿਕ ਭਾਰਤ ਦੀ ਜਿੱਤ ਵਿਚ ਰੋੜਾ ਬਣ ਸਕਦੇ ਹਨ। ਇਹ ਅਸੀਂ ਅੰਕੜੇ ਦੱਸ ਰਹੇ ਹਨ। ਪਿਛਲੇ 19 ਸਾਲਾਂ ਤੋਂ ਖੇਡ ਰਹੇ ਸ਼ੋਇਬ ਭਾਰਤ ਦੀਆਂ ਕਮੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਭਾਰਤ ਖਿਲਾਫ ਮਲਿਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਸ ਨੇ 39 ਮੈਚ ਖੇਡ ਕੇ 47.45 ਦੀ ਔਸਤ ਨਾਲ 1661 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਦੇ ਬੱਲੇ ਨਾਲ 4 ਸੈਂਕੜੇ ਵੀ ਨਿਕਲ ਚੁੱਕੇ ਹਨ।

ਜਦੋਂ ਖਰਾਬ ਰਾਜਨੀਤਕ ਰਿਸ਼ਤਿਆਂ ਦਾ ਏਸ਼ੀਆ ਕੱਪ ਤੇ ਹੋਇਆ ਅਸਰ
ਏਸ਼ੀਆ ਕੱਪ ਵੀ ਵਿਵਾਦਾਂ ਤੋਂ ਬਚਿਆ ਨਹੀਂ ਰਿਹਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਖਰਾਬ ਰਾਜਨੀਤਕ ਰਿਸ਼ਤਿਆਂ ਦਾ ਅਸਰ ਕਈ ਵਾਰ ਖੇਡ ‘ਤੇ ਪਿਆ ਹੈ। ਭਾਰਤ-ਪਾਕਿ ਕ੍ਰਿਕਟ ਮੈਚ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਇਨ੍ਹਾਂ ਗੁਆਂਢੀ ਦੇਸ਼ਾਂ ਵਿਚਾਲੇ ਖਰਾਬ ਰਿਸ਼ਤਿਆਂ ਦਾ ਅਸਰ ਇਕ ਵਾਰ ਏਸ਼ੀਆ ਕੱਪ ‘ਤੇ ਵੀ ਪਿਆ ਜਦੋਂ ਇਸ ਵੱਕਾਰੀ ਟੂਰਨਾਮੈਂਟ ਨੂੰ ਰੱਦ ਕਰਨ ਦੇ ਹਾਲਾਤ ਪੈਦਾ ਹੋ ਗਏ ਸੀ। ਕਈ ਵਾਰ ਰਾਜਨੀਤਕ ਵਜ੍ਹਾ ਨਾਲ ਇਸ ਟੂਰਨਾਮੈਂਟ ਵਿਚ ਕਈ ਰੁਕਾਵਟਾਂ ਪੈਦਾ ਹੋ ਚੁੱਕੀਆਂ ਹਨ।
ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਹੋਏ 12 ਮੈਚਾਂ ਦਾ ਨਤੀਜਾ
1984 : ਭਾਰਤ ਨੇ ਪਾਕਿ ਨੂੰ 54 ਦੌੜਾਂ ਨਾਲ ਹਰਾਇਆ
1988 : ਭਾਰਤ ਨੇ ਪਾਕਿ ਨੂੰ 4 ਵਿਕਟਾਂ ਨਾਲ ਹਰਾਇਆ
1995 : ਪਾਕਿ ਨੇ ਭਾਰਤ ਨੂੰ 97 ਦੌੜਾਂ ਨਾਲ ਹਰਾਇਆ
1997 : ਮੀਂਹ ਕਾਰਨ ਮੈਚ ਹੋਇਆ ਰੱਦ
2000 : ਪਾਕਿ ਨੇ ਭਾਰਤ ਨੂੰ 44 ਦੌੜਾਂ ਨਾਲ ਹਰਾਇਆ
2004 : ਪਾਕਿ ਨੇ ਭਾਰਤ ਨੂੰ 59 ਦੌੜਾਂ ਨਾਲ ਹਰਾਇਆ
2008 : ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ
2010 : ਭਾਰਤ ਨੇ ਪਾਕਿ ਨੂੰ 3 ਵਿਕਟਾਂ ਨਾਲ ਹਰਾਇਆ
2012 : ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ
2014 : ਭਾਰਤ ਨੇ ਪਾਕਿ ਨੂੰ 1 ਵਿਕਟ ਨਾਲ ਹਰਾਇਆ
2016 : ਭਾਰਤ ਨੇ ਪਾਕਿ ਨੂੰ 5 ਵਿਕਟਾਂ ਨਾਲ ਹਰਾਇਆ
EDITED BY : SARA YAHA | | Last Updated : 7:45 pm 19September 2018


















