ਬੱਚਿਆਂ ਦੀ ਉਮਰ ਘਟਾ ਕੇ ਸਕੂਲ ਖੇਡਾਂ ਵਿੱਚ ਖੜ੍ਹਾਉਣ ਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਕੌਨਵੈਂਟ ਸਕੂਲ ਦੀ ਐਨਓਸੀ ਰੱਦ ਹੋਣ ਦੇ ਚਰਚੇ

0
56

ਮਾਨਸਾ 15 ਅਕਤੂਬਰ (ਬਪਸ):ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਨਸਾ ਜ਼ਿਲ੍ਹੇ ਦੇ ਦੋ ਨਿੱਜੀ ਸਕੂਲਾਂ ਦੀ ਐਨਓਸੀ ਰੱਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦਾ ਮਨੂ ਵਾਟਿਕਾ ਸਕੂਲ ਬੁਢਲਾਡਾ ਅਤੇ ਪੰਜਾਬ ਕਾਨਵੈਂਟ ਸਕੂਲ ਝੁਨੀਰ ਚ ਕੁਝ ਵਿਦਿਆਰਥੀਆਂ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਕਿ ਉਨ੍ਹਾਂ ਬੱਚਿਆਂ ਦੀ ਉਮਰ ਘਟਾ ਕੇ ਉਨ੍ਹਾਂ ਨੂੰ ਛੋਟੀ ਉਮਰ ਦੇ ਬੱਚਿਆਂ ਦੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਖਿਡਾਇਆ ਗਿਆ। ਪੰਜਾਬ ਕਾਨਵੈਂਟ ਸਕੂਲ ਝੁਨੀਰ ਨੇ ਵਿਦਿਆਰਥੀ ਸਮਿਤ ਕੁਮਾਰ ਪੁੱਤਰ ਧਰਮਵੀਰ ਵਾਸੀ ਠੋਕਾਂ ਪੱਟੀ ਰੋਹੇੜਾ, ਜ਼ਿਲ੍ਹਾ ਕੈਥਲ (ਹਰਿਆਣਾ) ਜਨਮ ਮਿਤੀ 25 ਨਵੰਬਰ 2016 ਨੂੰ ਸੈਸ਼ਨ 2019-20 ਚ ਸਕੂਲ ਚ ਅੱਠਵੀ ਕਲਾਸ ਚ ਦਾਖਲ ਕੀਤਾ ਜਦ ਕਿ ਸੁਮਿਤ ਕੁਮਾਰ ਸੈਸ਼ਨ 2017-18  ਦੌਰਾਨ ਹਰਿਆਣਾ ਰਾਜ ਵਿੱਚ ਗਿਆਰ੍ਹਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ। ਹਰਿਆਣਾ ਰਾਜ ਰਿਕਾਰਡ ਮੁਤਾਬਕ ਉਸ ਦੀ ਜਨਮ ਮਿਤੀ 25 ਮਾਰਚ 2001 ਹੈ। ਇਸ ਤਰ੍ਹਾਂ ਹੀ ਵਿਦਿਆਰਥੀ ਅੰਕਿਤ ਪੁੱਤਰ ਸ਼ੀਸ਼ਪਾਲ ਵਾਸੀ ਠੋਕਾਂ ਪੱਟੀ ਰੋਹੇੜਾ, ਜ਼ਿਲਾ ਕੈਥਲ (ਹਰਿਆਣਾ) ਨੂੰ ਵੀ ਸੈਸ਼ਨ 2019-20 ਦੌਰਾਨ ਸਕੂਲ ਚ ਅੱਠਵੀ ਕਲਾਸ ਚ ਦਾਖਲਾ ਦਿੱਤਾ ਗਿਆ ਜਦ ਕਿ ਅੰਕਿਤ ਪਹਿਲਾਂ ਹੀ ਹਰਿਆਣਾ ਰਾਜ ਤੋਂ ਅੱਠਵੀਂ ਪਾਸ ਕਰ ਚੁੱਕਾ ਹੈ ਅਤੇ ਸੈਸ਼ਨ 2017-18 ਦੌਰਾਨ ਉਹ ਨੌਵੀਂ ਕਲਾਸ ਚ ਪੜ੍ਹ ਰਿਹਾ ਹੈ। ਪੰਜਾਬ ਕਾਨਵੈਂਟ ਸਕੂਲ ਝੁਨੀਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੇ ਦਸਤਾਵੇਜ਼ ਦੇ ਆਧਾਰ ਤੇ ਸਕੂਲ ਵਿੱਚ ਦਾਖ਼ਲਾ ਦਿੱਤਾ ਗਿਆ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਰਾਜ  ਚ ਅੰਤਰ ਜ਼ਿਲ੍ਹਾ ਮੁਕਾਬਲੇ ਤੇ ਅੰਤਰ ਸਟੇਟ ਮੁਕਾਬਲਿਆਂ ਵਿੱਚ ਵਰਗ ਅੰਡਰ 14 ਸਾਲ ਕਬੱਡੀ ਮੁਕਾਬਲਿਆਂ ਵਿੱਚ ਖਿਡਾਇਆ ਜਾ ਸਕੇ। ਪੰਜਾਬ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਕਤ ਮਾਮਲੇ ਦੇ ਵਿੱਚ ਪੰਜਾਬ ਕੌਨਮੈਂਟ ਸਕੂਲ ਝੁਨੀਰ ਨੂੰ ਇੱਕ ਪੱਤਰ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ 14 ਅਕਤੂਬਰ ਨੂੰ ਚੰਡੀਗੜ੍ਹ ਦਫ਼ਤਰ ਸੱਦਿਆ ਸੀ ਜਿਸ ਤੇ ਸਕੂਲ ਵੱਲੋਂ ਆਪਣੇ ਕਾਗਜ਼ਾਤ ਪੇਸ਼ ਕੀਤੇ ਗਏ ਪਰ ਸਕੱਤਰ ਵੱਲੋਂ ਸਾਰੇ ਕਾਗਜ਼ਾ ਦੀ ਜਾਂਚ ਕਰਦੇ ਹੋਏ ਸਕੂਲ ਦੀ ਐਨਓਸੀ ਰੱਦ ਕਰਨ ਬਾਰੇ ਕਿਹਾ ਹੈ। ਸਿੱਖਿਆ ਸਕੱਤਰ ਵੱਲੋਂ ਇਸ ਸਕੂਲ ਦੇ ਡੀਪੀ ਗੁਰਦੀਪ ਸਿੰਘ ਨੂੰ ਵੀ ਖੇਡਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਪਲਵੀ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਆ ਸਕੱਤਰ ਵੱਲੋਂ ਇੱਕ ਲੈਟਰ ਆਇਆ ਸੀ ਜਿਸ ਦਾ ਅਸੀਂ ਜਵਾਬ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜੋ ਬੱਚੇ ਸਾਡੇ ਕੋਲ ਦਾਖ਼ਲ ਹੋਏ ਸਨ ਉਹ ਪਹਿਲਾਂ ਕੋਟਧਰਮੂੰ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ ਉਨ੍ਹਾਂ ਵੱਲੋਂ ਜੋ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ ਉਸ ਦੇ ਆਧਾਰ ਤੇ ਹੀ ਅਸੀਂ ਆਪਣੇ ਸਕੂਲ ਵਿੱਚ ਬੱਚੇ ਦਾਖ਼ਲ ਕੀਤੇ ਸਨ। ਸਾਡੇ ਵੱਲੋਂ ਕਿਸੇ ਵੀ ਵਿਦਿਆਰਥੀ ਦੇ ਰਿਕਾਰਡ ਵਿੱਚ ਜਾਂ ਦਸਤਾਵੇਜ਼ਾਂ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਗਈ।ਅਸੀਂ ਆਪਣਾ ਰਿਕਾਰਡ ਸਿੱਖਿਆ ਸਕੱਤਰ ਨੂੰ ਪੇਸ਼ ਕਰ ਚੁੱਕੇ ਹਾਂ ਜੋ ਬਿਲਕੁਲ ਸਹੀ ਹੈ।  ਐਨਓਸੀ ਰੱਦ ਹੋਣ ਸਬੰਧੀ ਸਭ ਅਫ਼ਵਾਹਾਂ ਹਨ।

LEAVE A REPLY

Please enter your comment!
Please enter your name here