ਸਿਹਤ ਵਿਭਾਗ ਹੁਣ ਹੈਲਥ ਵਲੰਟੀਅਰਾਂ ਦੇ ਤੌਰ ਤੇ ਲਵੇਗਾ ਨੌਜਵਾਨਾਂ ਦੀ ਮਦਦ

0
27

ਮਾਨਸਾ 15 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਵੈ-ਇੱਛਾ ਨਾਲ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮੌਤ ਦੇ ਕੇਸਾਂ ਦੀ ਰਿਪੋਰਟ ਕਰਨਾ (ਜਿਵੇਂ ਕਿ ਜਣੇਪੇ ਦੌਰਾਨ ਮਾਂ ਦੀ ਮੌਤ, ਨਵ-ਜਨਮੇ ਜਾਂ 5 ਸਾਲ ਤੱਕ ਦੇ ਬੱਚਿਆਂ ਦੀ ਮੌਤ, ਨਸ਼ੇ ਕਾਰਨ ਮੌਤ), ਅਧੂਰਾ ਟੀਕਾਕਰਨ ਦੀ ਰਿਪੋਰਟ ਕਰਨਾ, ਸਿਹਤ ਸੰਭਾਲ ਦੀ ਜਰੂਰਤ ਵਾਲੇ ਕੇਸਾਂ ਜਿਵੇਂ ਕਿ ਘਰ ਵਿੱਚ ਜਣੇਪੇ ਆਦਿ ਦੀ ਰਿਪੋਰਟ ਕਰਨਾ, ਪੋਲੀਓ, ਟੀਬੀ, ਖਸਰਾ ਆਦਿ ਦੇ ਮਾਮਲਿਆਂ ਦੀ ਰਿਪੋਰਟ ਕਰਨਾ, ਜੋ ਕਿ ਸਿਹਤ ਵਿਭਾਗ ਦਾ ਤਰੁੰਤ ਧਿਆਨ ਖਿੱਚਦੇ ਹਨ ਆਦਿ ਕੇਸਾਂ ਵਰਗੀਆਂ ਸੂਚਨਾਵਾਂ ਪ੍ਰਾਪਤ ਕਰਨ ਦੇ ਲਈ ਸਿਹਤ ਵਿਭਾਗ ਹੁਣ ਹੈਲਥ ਵਲੰਟੀਅਰ ਆਧਾਰ ਤੇ ਨੋਜਵਾਨਾਂ ਦੀ ਮਦਦ ਲਵੇਗਾ। ਵਿਭਾਗ ਤੱਕ ਇਹ ਜਾਣਕਾਰੀ ਪਹੁੰਚਾਉਣ ਵਾਲੇ ਨੌਜਵਾਨਾਂ ਨੂੰ ਸਿਹਤ ਵਿਭਾਗ ਦੇ ’ਫੁਟ ਸੋਲਜ਼ਰ’ ਕਿਹਾ ਜਾਵੇਗਾ, ਜੋ ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਦੇ ਹੋ ਸਕਦੇ ਹਨ। ਇਹ ਨੌਜਵਾਨ ਵਿਭਾਗ ਦੀ ਖਾਸ ਵੈਬਸਾਈਟ www.footsoldierpunjab.in ਅਤੇ ਐਪ 6oot Soldier Of Punjab ਨੂੰ ਇਸ ਵਿੱਚ ਰਜਿਸਟਰ ਕਰਵਾਕੇ ਆਨਲਾਈਨ ਰਿਪੋਰਟਿੰਗ ਕਰ ਸਕਣਗੇ।
    ਪ੍ਰਮੁੱਖ ਸਿਹਤ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਮੁਹਿੰਮ ਨੂੰ ਜ਼ਿਆਦਾ ਤੋਂ ਜਿਆਦਾ ਲੋਕਾਂ ਨਾਲ ਜੋੜਨ ਲਈ ਮਿਤੀ 12 ਸਤੰਬਰ 2019 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੋਹਾਲੀ ਵਿੱਚ ਸਾਰੇ ਜ਼ਿਲਿ੍ਹਆਂ ਦੇ ਮਾਸ ਮੀਡੀਆ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ, ਬਲਾਕ ਐਕਸਟੈਸ਼ਨ ਐਜੂਕੇਟਰ ਅਤੇ ਜ਼ਿਲ੍ਹਾ ਬੀ.ਸੀ.ਸੀ. ਫੈਸਿਲੀਟੇਟਰ ਨਾਲ ਮੀਟਿੰਗ ਕੀਤੀ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਇਹ ਆਪਣੀ ਤਰਾਂ ਦਾ ਪਹਿਲਾ ਉਪਰਾਲਾ ਹੈ, ਜਿਸ ਵਿੱਚ ਵਿਭਾਗ ਆਪਣੇ ਸੂਚਨਾ ਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਿੱਧੇ ਤੌਰ ਤੇ ਨੌਜਵਾਨਾਂ ਦੀ ਮਦਦ ਲੈ ਰਿਹਾ ਹੈ। ਇਸ ਤਹਿਤ ਵਿਭਾਗ ਦਾ ਉਦੇਸ਼ ਕੁਝ ਖਾਸ ਵਿਸ਼ਿਆਂ ਬਾਰੇ ਸਮਾਜ ਤੋਂ ਜਾਣਕਾਰੀ ਹਾਸਲ ਕਰਨ ਦਾ ਹੈ। ਇਸ ਯੋਜਨਾ ਤਹਿਤ 16 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਹੈਲਥ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਦੇ ਲਈ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਲਾਜ਼ਮੀ ਹੈ। ਲੋੋਗ ਇਨ ਕਰਨ ਲਈ ਹਰ ਵਾਰ ਮੋਬਾਈਲ ਤੇ ਹੀ ਓ.ਟੀ.ਪੀ ਆਏਗਾ। ਇਸ ਐਪ ਰਾਹੀਂ ਹੈਲਥ ਵਲੰਟੀਅਰ ਗਰਭ ਅਵਸਥਾ ਦਰਮਿਆਨ ਔਰਤ ਦੀ ਮੌਤ, ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ, ਟੀ.ਬੀ. ਦੇ ਰੋਗੀਆਂ ਦੀ ਜਾਣਕਾਰੀ, ਬੱਚਿਆਂ ਦੇ ਅਧੂਰਾ ਟੀਕਾਕਰਨ, ਘਰ ਵਿੱਚ ਹੋਣ ਵਾਲੀਆਂ ਡਿਲੀਵਰੀਆਂ ਅਤੇ ਪੋਲੀਓ ਦੇ ਸ਼ੱਕੀ ਕੇਸ ਸਬੰਧੀ ਜਾਣਕਾਰੀ ਦੇ ਸਕਦੇ ਹਨ। ਇਹ ਜਾਣਕਾਰੀ ਵਿਭਾਗ ਨੂੰ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਕ ਪਾਸੇ ਸਿਹਤ ਵਿਭਾਗ ਦਾ ਅਮਲਾ ਇਹ ਸਾਰੀਆਂ ਸੂਚਨਾਵਾਂ ਇਕੱਠੀਆਂ ਕਰਦਾ ਹੈ, ਪਰੰਤੂ ਕਈ ਵਾਰ ਕੁੱਝ ਕਾਰਣਾਂ ਤੋਂ ਸੂਚਨਾ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਜਾਂ ਸੂਚਨਾ ਮਿਲ ਨਹੀਂ ਪਾਉਂਦੀ। ਜੇਕਰ ਸਮਾਜ ਵਿੱਚ ਵਿਚਰ ਰਹੇ ਨੌਜਵਾਨ ਆਪ ਅੱਗੇ ਆ ਕੇ ਅਜਿਹੀਆਂ ਸੂਚਨਾਵਾਂ ਸਾਂਝੀਆਂ ਕਰਨਗੇ, ਤਾਂ ਸਿਹਤ ਵਿਭਾਗ ਦਾ ਕੰਮ ਸੁਖਾਲਾ ਅਤੇ ਵਧੀਆ ਹੋ ਸਕਦਾ ਹੈ। ਇਸ ਐਪ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਵਿਭਾਗ ਦੇ ਮੁਖੀ ਨੂੰ ਛੱਡ ਕੇ ਬਾਕੀ ਸਾਰੇ ਕਰਮਚਾਰੀ ਸਿਰਫ਼ ਭੇਜੀ ਗਈ ਸੂਚਨਾਂ ਨੂੰ ਹੀ ਦੇਖ ਸਕਣਗੇ, ਭੇਜਣ ਵਾਲੇ ਦਾ ਨਾਮ ਅਤੇ ਉਸਦਾ ਪਤਾ ਨਹੀਂ ਦੇਖ ਸਕਣਗੇ।
ਜ਼ਿਲ੍ਹਾ ਬੀ.ਸੀ.ਸੀ. ਫੈਸਿਲੀਟੇਟਰ ਮਿਸ ਰਾਜਵੀਰ ਕੌਰ ਨੇ ਦੱਸਿਆ ਕਿ ਵਿਭਾਗ ਦੀ ਯੋਜਨਾ ਵਲੰਟੀਅਰ ਅਧਾਰਿਤ ਹੈ, ਪਰ ਸੂਚਨਾ ਦੇਣ ਵਾਲਿਆਂ ਨੂੰ ਵਿਭਾਗ ਦੇ ਸੂਬਾ ਅਧਿਕਾਰੀਆਂ ਵੱਲੋਂ ਸਰਟੀਫਿਕੇਟ, ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਦਕਾ ਨੌਜਵਾਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ। ਇਹਨਾਂ ਦੁਆਰਾ ਭੇਜੀਆਂ ਗਈਆਂ ਸੂਚਨਾਵਾਂ ਤੇ ਕਾਰਵਾਈ ਕਰਨ ਤੋਂ ਬਾਅਦ ਹਰ ਮਹੀਨੇ ਫੁਟ ਸੋਲਜ਼ਰ ਨਾਲ ਸਾਂਝਾ ਕੀਤਾ ਜਾਵੇਗਾ। ਜੇਕਰ ਕੋਈ ਹੈਲਥ ਵਲੰਟੀਅਰ ਗਲਤ ਜਾਂ ਝੂਠੀ ਸੂਚਨਾ ਦਿੰਦਾ ਹੈ, ਤਾਂ ਉਸਦੀ ਰਜਿਸਟ੍ਰੇਸ਼ਨ ਹਮੇਸ਼ਾ ਲਈ ਰੱਦ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਇੱਕ ਸੂਚਨਾ ਇੱਕ ਤੋਂ ਵੱਧ ਹੈਲਥ ਵਲੰਟੀਅਰ ਵੱਲੋਂ ਦਿੱਤੇ ਜਾਣ ਦੀ ਸੂਰਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਆਪ ਮੁਹਾਰੇ ਇਸ ਦੁਹਰਾਵ ਦਾ ਪਤਾ ਲਗਾਵੇਗਾ ਅਤੇ ਇੱਕ ਹੀ ਸੂਚਨਾ ਉਪਲਬਧ ਕਰਵਾਏਗਾ।

LEAVE A REPLY

Please enter your comment!
Please enter your name here