

ਮਾਨਸਾ, 04 ਅਗਸਤ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਡੈਪੋ ਦੀ ਸਫਲਤਾ ਤੋਂ ਬਾਅਦ ਹੁਣ ਸਰਕਾਰ ਇਸਦੇ ਦੂਜੇ ਪੜਾਅ ਬੱਡੀਜ਼ ਗਰੁੱਪ (Buddy’s Group) ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪਹਿਲੇ ਫੇਜ਼ ਡੈਪੋ ਦੌਰਾਨ ਨਸ਼ਿਆਂ ਖਿਲਾਫ਼ ਕਾਫ਼ੀ ਵਧੀਆ ਨਤੀਜੇ ਦੇਖਣ ਲਈ ਮਿਲੇ। ਇਸ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ, ਸ਼ਹਿਰ, ਵਾਰਡ, ਮੁਹੱਲਿਆਂ ਆਦਿ ਵਿੱਚ ਲੋਕਾਂ ਨੂੰ ਨਸ਼ੇ ਨਾ ਕਰਨ ਅਤੇ ਜੋ ਲੋਕ ਨਸ਼ਿਆਂ ਦੇ ਦਲਦਲ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਨਰੋਈ ਜ਼ਿੰਦਗੀ ਜਿਓਣ ਲਈ ਆਪਣਾ ਮੁਫ਼ਤ ਇਲਾਜ ਸਬੰਧੀ ਜਾਗਰੂਕ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਣ ਦੂਜੇ ਪੜਾਅ ਬੱਡੀਜ਼ ਗਰੁੱਪ ਪਿੱਛੇ ਸੂਬਾ ਸਰਕਾਰ ਦਾ ਇਹੀ ਮੰਤਵ ਹੈ ਕਿ ਨੌਜਵਾਨਾਂ ਅਤੇ ਬੱਚਿਆਂ (6ਵੀਂ ਅਤੇ 6ਵੀਂ ਜਮਾਤ ਤੋਂ ਉਪਰ) ਨੂੰ ਪਹਿਲਾਂ ਤੋਂ ਹੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਇਸ ਬੁਰੀ ਆਦਤ ਤੋਂ ਦੂਰ ਕੀਤਾ ਜਾ ਸਕੇ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰ੍ਹਾਂ ਨਾਲ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ। ਂਿੲਸ ਸਬੰਧੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਕੂਲ ਅਤੇ ਕਾਲਜ ਹਰ ਕਲਾਸ ਵਿੱਚ 5-5 ਬੱਚਿਆਂ ਦਾ ਬੱਡੀਜ਼ ਗਰੁੱਪ ਬਣਾਵੇ ਅਤੇ ਇਹ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਉਪਰ ਇੱਕ ਅਧਿਆਪਕ ਨੂੰ ਲਗਾਇਆ ਜਾਵੇਗਾ, ਜਿਸਨੂੰ ਸੀਨੀਅਰ ਬਡੀ ਕਿਹਾ ਜਾਵੇਗਾ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਸ ਸਬੰਧੀ 7-8 ਅਗਸਤ ਨੂੰ ਜ਼ਿਲ੍ਹੇ ਦੇ ਕਰੀਬ 20 ਮਾਸਟਰ ਟ੍ਰੇਨਰਾਂ ਨੂੰ ਚੰਡੀਗੜ੍ਹ ਵਿਖੇ ਇਸ ਪ੍ਰੋਗਰਾਮ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਉਪਰੰਤ ਉਹ ਜ਼ਿਲ੍ਹੇ ਦੇ ਬਾਕੀ ਬੱਡੀਜ਼ ਗਰੁੱਪ ਨੂੰ ਇਹ ਟ੍ਰੇਨਿੰਗ ਦੇਣਗੇ। ਉਨ੍ਹਾਂ ਕਿਹਾ ਕਿ ਬੱਡੀਜ਼ ਗਰੁੱਪ ਦਾ ਕੰਮ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜੋ ਬੱਚੇ ਅਤੇ ਨੌਜਵਾਨ ਨਸ਼ਿਆਂ ਵੱਲ ਆਪਣਾ ਰੁਝਾਨ ਦਿਖਾਉਂਦੇ ਹਨ, ਉਨ੍ਹਾਂ ਸਬੰਧੀ ਸੂਚਨਾ ਆਪਣੇ ਸਕੂਲ ਦੇ ਪ੍ਰਿੰਸੀਪਲ ਜਾਂ ਸੀਨੀਅਰ ਬਡੀ ਨੂੰ ਦੇਣਾ ਹੈ, ਤਾਂ ਜੋ ਅਜਿਹੇ ਨੌਜਵਾਨਾਂ ਜਾਂ ਬੱਚਿਆਂ ਨੂੰ ਸਮਾਂ ਰਹਿੰਦਿਆਂ ਹੀ ਨਸ਼ਿਆਂ ਦੇ ਜਾਲ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 10 ਅਗਸਤ ਤੱਕ ਹਰ ਸਕੂਲ-ਕਾਲਜ ਆਪਣੇ ਸਕੂਲ ਦੀ ਸੂਚੀ, ਕਿ ਕਿੰਨੇ ਸੀਨੀਅਰ ਬੱਡੀਜ਼, ਕਿੰਨੇ ਬੱਡੀਜ਼ ਗਰੁੱਪ ਅਤੇ ਕਿੰਨੇ ਬੱਚੇ ਇਸ ਮੁਹਿੰਮ ਤਹਿਤ ਕਵਰ ਕੀਤੇ ਗਏ ਹਨ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਨੂੰ ਜਮ੍ਹਾ ਕਰਵਾ ਦੇਣ। ਉਨ੍ਹਾਂ ਕਿਹਾ ਕਿ ਜੋ ਬਡੀਜ਼ ਗਰੁੱਪ ਇਸ ਸਬੰਧ ਵਿੱਚ ਵਧੀਆ ਕੰਮ ਕਰੇਗਾ, ਉਸਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਸੁਭਾਸ਼ ਚੰਦਰ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਮੌਜੂਦ ਸਨ।
EDITED BY : SARA YAHA | | Last Updated : 7:30 pm 4 August 2018






















