

ਬਰਨਾਲਾ (ਸਾਰਾ ਯਾਹਯਾ): ਬੀਤੀ 5 ਜੁਲਾਈ ਦੀ ਰਾਤ ਨੂੰ ਲੁੱਟ-ਖੋਹ ਉਪਰੰਤ ਬਰਨਾਲਾ ਦੇ ਸ਼ਰਾਬ ਕਾਰੋਬਾਰੀ ਹਿਮਾਂਸ਼ੂ ਦਾਨੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਚੋਂ ਇਕ ਹਿਮਾਂਸ਼ੂ ਦੇ ਠੇਕਿਆਂ ਦਾ ਕੁਝ ਦਿਨ ਕੰਮ ਕਰ ਚੁੱਕਾ ਸੀ। ਹਿਮਾਂਸ਼ੂ ਦੇ ਮਾਤਾ ਨੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਪਿਛਲੇ ਸਾਲ ਸੜਕ ਹਾਦਸੇ ‘ਚ ਹਿਮਾਂਸ਼ੂ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸਿਰਫ਼ ਮਾਂ-ਪੁੱਤ ਹੀ ਬਾਕੀ ਬਚੇ ਸਨ।
ਐਸਐਸਪੀ ਬਰਨਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਪਾਲ ਸਿੰਘ ਤੇ ਕਰਮਜੀਤ ਸਿੰਘ ਉਰਫ਼ ਕਰਮਾ ਵਜੋਂ ਹੋਈ ਹੈ। ਦੋਵੇਂ ਧਨੌਲੇ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਕਤਲ ਕਰਨ ਸਮੇਂ ਵਰਤਿਆ ਗਿਆ ਦੇਸੀ ਬੱਤੀ ਬੋਰ ਰਿਵਾਲਵਰ, ਜ਼ਿੰਦਾ ਕਾਰਤੂਸ, ਇੱਕ ਮੋਟਰਸਾਈਕਲ ਅਤੇ ਲੁੱਟੇ ਗਏ ਪੈਸਿਆਂ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।
ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਲੁੱਟ-ਖੋਹ ਦੀ ਨੀਅਤ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਦੇ ਮੁੱਖ ਮੁਲਜ਼ਮ ਸੁਖਪਾਲ ਸਿੰਘ ‘ਤੇ ਪਹਿਲਾਂ ਵੀ ਬਾਰਾਂ ਮੁਕੱਦਮੇ ਦਰਜ ਹਨ। ਇਨ੍ਹਾਂ ਚੋਂ ਜ਼ਿਆਦਾਤਰ ਮੁਕੱਦਮੇ ਲੁੱਟ ਖੋਹ ਅਤੇ ਲੜਾਈ ਝਗੜੇ ਨਾਲ ਸਬੰਧਤ ਹਨ। ਪੁਲਿਸ ਮੁਤਾਬਕ ਸੁਖਪਾਲ ਸਿੰਘ ਨੇ ਸ਼ਰਾਬ ਕਾਰੋਬਾਰੀ ਹਿਮਾਂਸ਼ੂ ਦਾਨੀਆਂ ਦੇ ਠੇਕਿਆਂ ਦਾ ਸਿਰਫ ਪੰਜ ਦਿਨ ਹੀ ਕੰਮ ਕੀਤਾ ਸੀ। ਮੁਲਜ਼ਮ ਸੁਖਪਾਲ ਸਿੰਘ ਨੇ ਮੀਡੀਆ ਅੱਗੇ ਵੀ ਇਕਬਾਲ ਕੀਤਾ ਕਿ ਲੁੱਟ-ਖੋਹ ਕਰਦਿਆਂ ਹੀ ਹੀ ਉਨ੍ਹਾਂ ਤੋਂ ਕਤਲ ਹੋ ਗਿਆ।
ਜ਼ਿਕਰਯੋਗ ਹੈ ਕਿ ਸ਼ਰਾਬ ਕਾਰੋਬਾਰੀ ਹਿਮਾਂਸ਼ੂ ਦਾਨੀਆ ਦਾ ਬਰਨਾਲਾ ਦੇ ਬੱਸ ਸਟੈਂਡ ਨੇੜੇ ਲੁੱਟਣ ਉਪਰੰਤ ਕਤਲ ਕਰ ਦਿੱਤਾ ਸੀ ਅਤੇ ਉਸ ਕੋਲੋਂ ਤਕਰੀਬਨ 6 ਲੱਖ ਰੁਪਏ ਨਕਦੀ ਲੁੱਟ ਕੇ ਮੁਲਜ਼ਮ ਫਰਾਰ ਸਨ। ਸ਼ਹਿਰ ਦੇ ਲੋਕਾਂ ਨੂੰ ਰੋਸ ਵਜੋਂ ਪੁਲਿਸ ਖਿਲ਼ਾਫ ਦੋ ਵਾਰ ਰੋਸ ਮਾਰਚ ਵੀ ਕਰਨਾ ਪਿਆ ਸੀ।
EDITED BY : SARA YAHA | | Last Updated : 7:25 pm 4 August 2018























