

ਮਾਨਸਾ, 14 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਵਿੱਚ ਗਰਮੀ ਦੇ ਕਹਿਰ ਦੌਰਾਨ ਬਣਾਂਵਾਲਾ ਤਾਪਘਰ ਦਾ ਇੱਕ ਯੂਨਿਟ ਕਿਸੇ ਵੱਡੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ, ਜਿਸ ਕਰਕੇ ਪੰਜਾਬ ਨੂੰ ਇਸ ਥਰਮਲ ਪਲਾਂਟ ਤੋਂ ਮਿਲਦੀ ਬਿਜਲੀ ਸਪਲਾਈ ਨੂੰ ਸੱਟ ਵੱਜੀ ਹੈ।ਇਹ ਤਾਪਘਰ ਪੰਜਾਬ ਲਈ ਸਭ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਕਰ ਰਿਹਾ ਹੈ ਅਤੇ ਇਸ ਦੇ ਯੂਨਿਟ ਨੰਬਰ-1 ਦੇ ਬੰਦ ਹੋਣ ਨਾਲ ਲਗਭਗ 600 ਮੈਗਾਵਾਟ ਬਿਜਲੀ ਸਪਲਾਈ ਹੋਣ ਅੱਜ ਘਟ ਗਈ ਹੈ। ਅੱਜ ਤਾਪਘਰ ਵੱਲੋਂ ਯੂਨਿਟ ਨੰਬਰ-2 ਅਤੇ 3 ਤੋਂ 1261 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਪਿੰਡ ਬਣਾਂਵਾਲਾ ਵਿਖੇ ਵੇਦਾਂਤਾ ਪਾਵਰ ਵੱਲੋਂ ਲਾਇਆ ਇਹ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ। ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਤਕਨੀਕੀ ਨੁਕਸ ਕਾਰਨ ਬੰਦ ਹੋਏ ਯੂਨਿਟ-1 ਨੂੰ ਤੁਰੰਤ ਮੁਰੰਮਤ ਆਰੰਭ ਹੋ ਗਈ ਹੈ ਅਤੇ ਇਸ ਦੇ ਅੱਧੀ ਰਾਤ ਤੋਂ ਬਾਅਦ ਜਾਂ ਕੱਲ੍ਹ ਤੱਕ ਲਾਈਟ ਅੱਪ ਹੋਣ ਦੀ ਸੰਭਾਵਨਾ ਹੈ।
ਤਲਵੰਡੀ ਸਾਬੋ ਤਾਪਘਰ ਦੇ ਪ੍ਰਬੰਧਕਾਂ ਤੋਂ ਪਤਾ ਲੱਗਿਆ ਹੈ ਕਿ ਯੂਨਿਟ ਨੰਬਰ-1 ਕਿਸੇ ਮਾਮੂਲੀ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ, ਜਿਸ ਦੀ ਦਰੁੱਸਤੀ ਲਈ ਅੱਜ ਸਾਰਾ ਦਿਨ ਮਾਹਿਰਾਂ ਵੱਲੋਂ ਯਤਨ ਹੁੰਦੇ ਰਹੇ, ਪਰ ਕਾਮਯਾਬੀ ਨਹੀਂ ਮਿਲੀ ਹੈ। ਮਾਹਿਰਾਂ ਮੁਤਾਬਕ ਇਸ ਯੂਨਿਟ ਵੱਲੋਂ ਭਲਕੇ ਤੋਂ ਕੰਮ ਕਰਨ ਦੀ ਸੰਭਾਵਨਾ ਹੈ।
ਉਧਰ ਪੰਜਾਬ ਵਿੱਚ ਬਿਜਲੀ ਦੀ ਮੰਗ ਵੱਧਣ ਕਾਰਨ ਰਾਜ ਦੇ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਤਾਪਘਰਾਂ ਦੇ 15 ਯੂਨਿਟਾਂ ਵਿਚੋਂ 14 ਯੂਨਿਟ ਕਾਰਜਸ਼ੀਲ ਹਨ।
ਇਸੇ ਤਰ੍ਹਾਂ ਰਾਜ ਦੇ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪ ਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦੇ ਚਾਰ ਯੂਨਿਟ ਚਾਲੂ ਸਥਿਤੀ ਵਿੱਚ ਹਨ, ਜਿੰਨ੍ਹਾਂ ਅੱਜ 821 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ, ਜਿਸ ਦੀ ਸਮਰੱਥਾ 920 ਮੈਗਾਵਾਟ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਹਨ ਅਤੇ ਯੂਨਿਟ-3,4,5,6 ਵੱਲੋਂ 694 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ ਹੈ। ਇਸ ਤਾਪ ਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਦੱਸੀ ਜਾਂਦੀ ਹੈ। 540 ਮੈਗਾਵਾਟ ਦੀ ਸਮਰੱਥਾ ਵਾਲੇ ਸਰਕਾਰੀ ਤਾਪਘਰ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਦੇ ਯੂਨਿਟ ਨੰਬਰ-1 ਅਤੇ 2 ਵੱਲੋਂ 493 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ, ਜਿਸ ਦੀ ਕੁੱਲ ਸਮਰੱਥਾ 540 ਹੈ।
ਉਧਰ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਰਾਜਪੁਰਾ ਵਿਖੇ ਲੱਗੇ ਐਲ ਐਡ ਟੀ ਦੇ ਤਾਪਘਰ ਦੇ ਦੋਨੋਂ ਯੂਨਿਟ ਭਖ ਰਹੇ ਹਨ, ਜਿੰਨਾਂ ਵੱਲੋਂ ਕ੍ਰਮਵਾਰ 636 ਅਤੇ 683 ਮੈਗਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ।
ਡੱਬੀ: ਹਰ ਖੇਤਰ ਲਈ ਲੋੜੀਂਦੀ ਬਿਜਲੀ ਸਪਲਾਈ ਜਾਰੀ-ਬਿਜਲੀ ਮੰਤਰੀ
ਇਸੇ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਭਾਰੀ ਗਰਮੀ ਹੋਣ ਕਾਰਨ ਬਿਜਲੀ ਦੀ ਰਿਕਾਰਡ ਮੰਗ ਚੱਲ ਰਹੀ ਹੈ, ਪਰ ਬਣਾਂਵਾਲਾ ਦਾ ਇੱਕ ਯੂਨਿਟ ਬੰਦ ਹੋਣ ਦਾ ਬਦਲਵਾਂ ਬੰਦੋਬਸ਼ਤ ਕਰ ਲਿਆ ਹੈ ਅਤੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲੁਵਾਈ ਸਮੇਤ ਘਰੇਲੂ ਬਿਜਲੀ ਅਤੇ ਉਦਯੋਗਿਕ ਖੇਤਰ ਲਈ ਬਿਜਲੀ ਦੀ ਕੋਈ ਤਕਲੀਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹਰ ਖੇਤਰ ਲਈ ਨਿਰਵਿਘਨ ਸਪਲਾਈ ਜਾਰੀ ਕੀਤੀ ਜਾ ਰਹੀ ਹੈ।























