

ਮੰਡੀ: ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਜਾਣ ਕਾਰਨ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ‘ਚ ਪਏ ਭਾਰੀ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ ਜਿੱਥੇ ਰੋਹਤਾਂਗ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਉੱਥੇ ਮਨਾਲੀ ਵਿੱਚ ਭਾਰੀ ਵਰਖਾ ਹੋਈ। ਇਸ ਦੌਰਾਨ ਕੁੱਲੂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 127.4 ਮਿਲੀਮੀਟਰ ਮੀਂਹ ਪਿਆ, ਇਸ ਤੋਂ ਬਾਅਦ ਧਰਮਸ਼ਾਲਾ (125.2 ਐਮਐਮ), ਊਨਾ (124.2 ਐਮਐਮ), ਗਗਰੇਟ (118 ਐਮਐਮ), ਜੋਗਿੰਦਰਨਗਰ (115 ਐਮਐਮ), ਸੁਜਾਨਪੁਰ (112 ਐਮਐਮ), ਭਰਵੈਣ (110 ਐਮਐਮ), ਨਦੌਣ (104 ਐਮਐਮ), ਕਾਂਗੜਾ (97.5 ਐਮਐਮ) ਤੇ ਬੈਜਨਾਥ (97 ਐਮਐਮ) ਵਿੱਚ ਵੀ ਤਕਰੀਬਨ 10 ਸੈਂਟੀਮੀਟਰ ਬਰਸਾਤ ਹੋਈ।
ਸੂਬੇ ਦੇ ਸਿਖਰਲੇ ਹਿੱਸਿਆਂ ਯਾਨੀ ਰੋਹਤਾਂਗ, ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ ਡੇਢ ਫੁੱਟ ਬਰਫਬਾਰੀ ਹੋ ਚੁੱਕੀ ਹੈ। ਭਾਰੀ ਮੀਂਹ ਤੇ ਬਰਫਬਾਰੀ ਨਾਲ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਨੇ ਸੂਬੇ ਦੇ ਨਾਲ ਨਾਲ ਗੁਆਂਢੀ ਸੂਬਿਆਂ ਵਿੱਚ ਤਾਪਮਾਨ ਹੇਠਾਂ ਲਿਆ ਦਿੱਤਾ ਹੈ। ਕਈ ਥਾਈਂ ਪਾਣੀ ਭਰਨ ਕਾਰਨ ਤੇ ਹੋਰ ਬਰਸਾਤ ਦੀ ਚੇਤਾਵਨੀ ਕਾਰਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
EDITED BY : SARA YAHA | | Last Updated : 6:20 pm 23 September 2018























