

ਮਾਨਸਾ, 19 ਨਵੰਬਰ (ਬਲਜੀਤ ਸ਼ਰਮਾ) : ਬਾਲ ਅਧਿਕਾਰ ਸਪਤਾਹ ਦੌਰਾਨ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਤੇ ਚਾਈਲਡ ਲਾਈਨ ਮਾਨਸਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਬੱਚਿਆਂ ਦੇ ਅਧਿਕਾਰਾਂ ਨੂੰ ਸਮਰਪਿਤ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਇਕ ਵੱਡਾ ਮਸਲਾ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਹੱਕਾਂ ਲਈ ਕੰਮ ਕਰਨਾ ਜ਼ਰੂਰੀ ਹੈ ਤਾਂ ਜੋ ਬੱਚੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਿੰਮਾਸ਼ੂ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਆਉਣ ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਚਾਈਲਡ ਕੇਅਰ ਹੈਲਪਲਾਈਨ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੀਗਲ-ਕਮ-ਪ੍ਰੋਬੇਸ਼ਨ ਅਫਸਰ ਸ੍ਰੀ ਹਰਜੋਤ ਸਿੰਘ ਮਾਨਸ਼ਾਹੀਆ ਨੇ ਬੱਚਿਆਂ ਨੂੰ ਬਾਲ ਵਿਆਹ, ਬਾਲ ਮਜਦੂਰੀ ਆਦਿ ਕੁਰੀਤੀਆਂ ਖਿਲਾਫ ਬਣੇ ਕਾਨੂੰਨ ਤੋਂ ਇਲਾਵਾ ਜਿਣਸੀ, ਸਰੀਰਕ ਤੇ ਮਾਨਸਿਕ ਸ਼ੋਸ਼ਣ ਨੂੰ ਰੋਕਣ ਸਬੰਧੀ ਬਣੇ ਸਖ਼ਤ ਕਾਨੂੰਨ ਜਿਵੇ ਕਿ ਪੋਕਸੋ (ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਆਫ਼ੈਂਸ) ਅਤੇ ਜੇ.ਜੇ (ਜੁਵੇਨਾਈਲ ਜਸਟਿਸ) ਐਕਟ ਬਾਰੇ ਜਾਣਕਾਰੀ ਦਿੱਤੀ।
ਪ੍ਰੋਟੈਕਸ਼ਨ ਅਫਸਰ ਡਾ. ਅਜੈ ਤਾਇਲ ਨੇ ਬੱਚਿਆਂ ਦੇ ਮੌਲਿਕ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਅਡਾਪਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸੁਭਾਸ਼ ਚੰਦਰ, ਪ੍ਰਿੰਸੀਪਲ ਪਦਮਨੀ, ਰਜਿੰਦਰ ਕੁਮਾਰ, ਭੂਸ਼ਣ ਲਾਲ, ਪ੍ਰੌਜੈਕਟ ਮੈਨੇਜ਼ਰ ਚਾਈਲਡ ਲਾਈਨ ਯਾਦਵਿੰਦਰ ਸਿੰਘ, ਚਾਈਲਡ ਹੈਲਪਲਾਈਨ ਮੈਂਬਰ ਅਤੇ ਸਕੂਲ ਸਟਾਫ਼ ਹਾਜਰ ਸੀ।
EDITED BY : SARA YAHA | | Last Updated : 7:10 PM 19 ਨਵੰਬਰ 2018
























