

ਮਾਨਸਾ, 23 ਜਨਵਰੀ (ਸਾਰਾ ਯਹਾਂ/ਜਗਤਾਰ ਧੰਜਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਸਿਰਸੀਵਾਲਾ ਵਿੱਚ ਸ਼ਰਧਾ ਦੀ ਆੜ ਵਿੱਚ ਕਥਿਤ ਟੋਗੀ ਬਾਬਾ ਸ਼ਰਧਾਲੂਆਂ ਨੂੰ 14 ਲੱਖ ਰੁਪਏ ਦਾ ਚੂਨਾ ਲਗਾਕੇ ਫਰਾਰ ਹੋ ਗਿਆ। ਪਹਿਲਾਂ ਇਸ ਬਾਬੇ ਨੇ ਕੜਾਕੇ ਦੀ ਠੰਡ ਵਿੱਚ ਡੇਢ ਮਹੀਨੇ ਤੱਕ ਜਲਧਾਰਾ ਕੀਤੀ ਅਤੇ ਲੋਕਾਂ ਦਾ ਭਰੋਸਾ ਜਿੱਤਿਆ। ਬਾਅਦ ਵਿੱਚ ਬਾਬੇ ਨੇ ਸ਼ਰਧਾ ਅਤੇ ਪੁੰਨ-ਸੇਵਾ ਦੇ ਨਾਮ ’ਤੇ ਆਨ-ਲਾਈਨ ਅਤੇ ਨਗਦੀ ਰੂਪ ਵਿੱਚ ਸ਼ਰਧਾਲੂਆਂ ਤੋਂ 14 ਲੱਖ ਰੁਪਏ ਲੈ ਲਏ ਅਤੇ ਇੱਕ ਧਾਰਮਿਕ ਸਥਾਨ ਦੀ ਯਾਤਰਾ ਦੌਰਾਨ ਸਾਰਿਆਂ ਨੂੰ ਚਕਮਾ ਦੇਕੇ ਫਰਾਰ ਹੋ ਗਿਆ। ਬਾਬੇ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਥਾਣਾ ਬਰੇਟਾ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਬਾਬੇ ਦੀ ਪਛਾਣ ਪ੍ਰੇਮ ਨਾਥ ਦੇ ਨਾਮ ’ਤੇ ਹੋਈ ਹੈ। ਲੋਕਾਂ ਨੇ ਬਾਬੇ ਦੇ ਚੇਲਿਆਂ ਨੂੰ ਫੜ੍ਹਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ, ਜਿੰਨ੍ਹਾਂ ਤੋਂ ਪੁਲੀਸ ਪੁੱਛਗਿੱਛ ਕਰ ਰਹੀ ਹੈ, ਪਰ ਦੋਸ਼ੀ ਬਾਬਾ ਪ੍ਰੇਮ ਨਾਥ ਫਰਾਰ ਹੈ।
ਪੀੜਤ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਬਾਬਾ ਪੇ੍ਰਮ ਨਾਥ ਨੇ ਆਪਣੇ ਚੇਲਿਆਂ ਨਾਲ ਪਿੰਡ ਆਕੇ ਡੇਰਾ ਲਾਇਆ ਅਤੇ ਜਲਧਾਰਾ ਸ਼ੁਰੂ ਕੀਤੀ। ਜਲਧਾਰਾ ਦੌਰਾਨ ਪਿੰਡ ਵਾਲਿਆਂ ਨੂੰ ਲੱਗਿਆ ਬਾਬਾ ਚਮਤਕਾਰੀ ਹੈ। ਲੋਕਾਂ ਦੀ ਭੀੜ ਜੁੜਨ ਲੱਗੀ ਤਾਂ ਬਾਬੇ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਜਲਧਾਰਾ ਹੋ ਕਰਵਾਈ ਜਾਵੇ ਤਾਂ ਪਿੰਡ ਵਿੱਚ ਸੁੱਖ-ਸ਼ਾਂਤੀ ਖੁਸ਼ਹਾਲੀ ਆਵੇਗੀ। ਪਹਿਲਾਂ ਵੀ ਉਸ ਨੇ ਕਈ ਪਿੰਡਾਂ ਵਿੱਚ ਜਾਕੇ ਅਜਿਹੀ ਤਪੱਸ਼ਿਆ ਕੀਤੀ ਹੈ, ਜਿੱਥੇ ਖੁਸ਼ਹਾਲੀ ਹੀ ਖੁਸ਼ਹਾਲੀ ਹੈ। ਪਿੰਡ ਵਾਸੀ ਬਾਬੇ ਦੀਆਂ ਗੱਲਾਂ ਤੋਂ ਪ੍ਰਭਾਵਤ ਹੋ ਗਏ ਅਤੇ ਹੋਲੀ-ਹੋਲੀ ਪਿੰਡ ਵਾਸੀਆਂ ਨੇ ਬਾਬੇ ਨੂੰ ਦਾਨ-ਦਕਸ਼ਨ ਅਤੇ ਪੁੰਨ-ਦਾਨ ਦੇ ਰੂਪ ’ਚ ਪੈਸਾ ਦੇਣੇ ਸ਼ੁਰੂ ਕਰ ਦਿੱਤਾ ਅਤੇ ਪਿੰਡ ਦੀ ਖੁਸ਼ਹਾਲੀ ਲਈ ਬਾਬੇ ਨੂੰ ਪੈਸੇ ਇਕੱਠ ਕਰਕੇ ਦਿੱਤੇ। ਚੜਾਵੇਂ ਨੂੰ ਲੈਕੇ ਬਾਬੇ ’ਤੇ ਲੋਕਾਂ ਨੂੰ ਸ਼ੱਕ ਨਾ ਹੋਵੇ, ਇਸ ਲਈ ਉਹ ਕੁੱਝ ਪੈਸੇ ਆਪਣੇ ਚੇਲੇ ਦੇ ਖਾਤੇ ਵਿੱਚ ਪੁਆਉਂਦਾ ਅਤੇ ਨਗਦ ਪੈਸੇ ਖੁਦ ਰੱਖ ਲੈਂਦਾ। ਬਾਬਾ ਲੋਕਾਂ ਨੂੰ ਕਹਿੰਦਾ ਸੀ ਕਿ ਮਨ ਤੋਂ ਦਾਨ ਕਰੋ ਉਨ੍ਹਾਂ ਦੇ ਸਾਰੇ ਦੁੱਖ-ਦਰਦ ਦੂਰ ਹੋ ਜਾਣਗੇ, ਜਿਸ ਕਰਕੇ ਲੋਕਾਂ ਨੇ ਉਸ ਨੂੰ ਵੱਡੀ ਗਿਣਤੀ ’ਚ ਦਾਨ-ਦਕਸ਼ਨਾ ਦਿੱਤੀ। ਬਾਬੇ ਕੋਲ 14 ਲੱਖ ਰੁਪਏ ਇਕੱਠ ਹੋ ਗਏ।
ਪੀੜਤਾਂ ਲੋਕਾਂ ਨੇ ਦੱਸਿਆ ਕਿ ਬਾਬਾ ਪ੍ਰੇਮ ਨਾਥ ਨੇ ਨੈਣਾ ਦੇਵੀ ਧਾਰਮਿਕ ਸਥਾਨ ਦੀ ਇੱਛਾ ਜਿਤਾਈ ਅਤੇ ਪਿੰਡ ਦੇ ਕੁੱਝ ਲੋਕ ਬਾਬੇ ਨੂੰ ਆਪਣੀ ਗੱਡੀ ’ਤੇ ਲੈਕੇ ਨਾਲ ਗਏ ਅਤੇ ਵਾਪਸੀ ਸਮੇਂ ਪਟਿਆਲਾ ਦੇ ਇੱਕ ਢਾਬੇ ’ਤੇ ਰੋਟੀ ਖਾਣੀ ਲਈ ਰੁਕ, ਜਿੱਥੋਂ ਬਾਬਾ ਚਕਮਾ ਦੇਕੇ ਫਰਾਰ ਹੋ ਗਿਆ। ਲੋਕਾਂ ਨੂੰ ਬਾਅਦ ਵਿੱਚ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਿਆ। ਪਿੰਡ ਵਾਸੀਆਂ ਨੇ ਬਾਬੇ ਦੇ ਦੋ ਚੇਲਿਆਂ ਅਜੈ ਕੁਮਾਰ ਉਰਫ਼ ਸੋਨੂੰ ਅਤੇ ਅਮਨਦੀਪ ਉਰਫ਼ ਪੰਡਿਤ ਵਾਸੀ ਨਿਰਵਾਣਾ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਪੁਲੀਸ ਤੋਂ ਬਾਬਾ ਦੀ ਗਿ੍ਰਫ਼ਤਾਰੀ ਦੀ ਵੀ ਮੰਗ ਕੀਤੀ ਹੈ। ਥਾਣਾ ਬਰੇਟਾ ਦੀ ਪੁਲੀਸ ਨੇ ਬਾਬਾ ਪ੍ਰੇਮ ਨਾਥ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲੀਸ ਵੱਲੋਂ ਕੁੱਝ ਬੈਂਕ ਖਾਤਿਆਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।























