

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) 24 ਜਨਵਰੀ: ਸਿੱਖਿਆ ਵਿਭਾਗ ਵੱਲੋ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਅਤੇ ਰਾਜ ਭਰਦੇ ਸਰਕਾਰੀ ਸਕੂਲਾਂ ਵਿੱਚ ਸਾਹਿਤਕ,ਸੱਭਿਆਚਾਰ ਸਰਗਰਮੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਇੱਕ ਨਿਵੇਕਲਾ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਲੇਖਕ ਅਧਿਆਪਕ ਯੂਨੀਵਰਸਿਟੀਆਂ, ਕਾਲਜਾਂ, ਸਾਹਿਤ ਅਕਾਦਮੀਆਂ, ਭਾਸ਼ਾ ਵਿਭਾਗ ਪੰਜਾਬ, ਰਜਿਸਟਰਡ ਸੰਸਥਾਵਾਂ, ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ, ਸੰਚਾਰ-ਮਾਧਿਅਮ ਰਜਿਸਟਰਡ ਸਾਧਨਾਂ (ਟੀ.ਵੀ ਅਤੇ ਰੇਡੀਓ) ਤੇ ਆਪਣੀ ਰਚਨਾ ਪੇਸ਼ ਕਰਨ, ਪ੍ਰਧਾਨਗੀ ਕਰਨ,ਰੂ-ਬੂ-ਰੂ ਹੋਣ, ਪੇਪਰ ਪੜ੍ਹਨ ਅਤੇ ਵਿਦਿਆਰਥੀਆਂ ਵਿੱਚ ਕਲਾਤਮਿਕ ਰੁਚੀਆਂ ਦਾ ਸੰਚਾਰ ਕਰਨ ਲਈ ਪੰਜਾਬ ਅੰਦਰ ਆਨ ਡਿਊਟੀ ਤੇ ਮਹੀਨੇ ਵਿੱਚ ਇੱਕ ਵਾਰ ਜਾ ਸਕਦੇ ਹਨ, ਪਰ ਇਸ ਸਬੰਧੀ ਲੋੜੀਦੀ ਰਿਪੋਰਟ ਸਕੂਲ ਮੁੱਖੀ ਨੂੰ ਪੇਸ਼ ਕਰਨਗੇ, ਇਸ ਅਹਿਮ ਫੈਸਲੇ ਅਤੇ ਦੂਜੇ ਬੰਨੇ ਵਿਭਾਗ ਵੱਲੋ ਪੰਜਾਬ ਦੇ 700 ਦੇ ਕਰੀਬ ਸਾਹਿਤਕਾਰ ਅਧਿਆਪਕਾਂ ਨੂੰ ਇੱਕੋ ਮੰਚ ਤੇ ਮੋਹਾਲੀ ਵਿਖੇ ਕੀਤੀ ਮਿਲਣੀ ਨਾਲ ਰਾਜ ਦੇ ਇਹ ਅਧਿਆਪਕ ਬਾਗੋਬਾਗ ਹਨ।
ਪਹਿਲੀ ਵਾਰ ਅਜਿਹੇ ਨਿਵੇਕਲੇ ਫੈਸਲੇ ਅਤੇ ਮਿਲਣੀ ਬਾਅਦ ਅਧਿਆਪਕਾਂ ਨੇ ਮਾਣ ਮਹਿਸੂਸ ਕੀਤਾ ਕਿ ਆਮ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦੀ ਸਾਹਿਤਕ ਕਲਾ ਨੂੰ ਜਿਸ ਰੂਪ ਵਿੱਚ ਵਿਭਾਗ ਨੇ ਪਹਿਚਾਣਿਆਂ ਹੈ, ਉਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਂਣਗੇ। ਵੱਖ-ਵੱਖ ਕਲਾਵਾਂ ਦੇ ਮਾਹਿਰ ਅਧਿਆਪਕਾਂ ਨੇ ਦਾਅਵਾ ਕੀਤਾ ਕਿ ਜੇਕਰ ਵਿਭਾਗ ਨੇ ਅਜਿਹੀਆਂ ਸਰਗਰਮੀਆਂ ਨੂੰ ਵਿਉਂਤਬੰਧ ਤਰੀਕੇ ਨਾਲ ਭਵਿੱਖ ਵਿੱਚ ਜਾਰੀ ਰੱਖਿਆ ਅਤੇ ਸਾਹਿਤਕਾਰਾਂ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਕਲਾਸਾਂ ਦੇ ਸਲੇਬਸ ਵਿੱਚ ਵੀ ਉਹਨਾਂ ਦਾ ਬਣਦਾ ਸਹਿਯੋਗ ਲਿਆ ਤਾਂ ਪੰਜਾਬ ਦੀ ਸਿੱਖਿਆ ਵਿੱਚ ਹੋਰ ਇਨਕਲਾਬੀ ਤਬਦੀਲੀਆਂ ਹੋ ਸਕਦੀਆਂ ਹਨ। ਇੱਕੋ ਮੰਚ ਤੋ ਪਹਿਲੀ ਵਾਰ 700 ਦੇ ਕਰੀਬ ਸਾਹਿਤਕਾਰਾ ਅਤੇ ਕਲਾਕਾਰਾ ਦਾ ਇੱਕਠਾ ਹੋਣਾ ਵੀ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਪੰਜਾਬ ਦੇ ਵੱਖ-ਵੱਖ ਸਾਹਿਤਕਾਰ ਅਧਿਆਪਕਾਂ ਨੇ ਇਸ ਮਿਲਣੀ ਤੋਂ ਬਾਅਦ ਆਪਣੇ ਹੋਰ ਸੁਝਾਅ ਵਿਭਾਗ ਨੂੰ ਭੇਜੇ ਹਨ।
ਪ੍ਰਸਿੱਧ ਅਧਿਆਪਕ ਕਵੀ ਗੁਰਪ੍ਰੀਤ ਸਰਕਾਰੀ ਸੈਕੰਡਰੀ ਸਕੂਲ ਮਾਨਸਾ (ਮੁੰਡੇ) ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋ ਅਧਿਆਪਕ ਲੇਖਕਾਂ ਅਤੇ ਕਲਾਕਾਰਾਂ ਦੀ ਸਿਰਜਣਾਤਮਿਕ ਮਿਲਣੀ ਕਰਨਾ ਸ਼ੁੱਭ ਕਦਮ ਹੈ। ਸਿੱਖਿਆ ਸਕੱਤਰ ਵੱਲੋ ਅਧਿਆਪਕਾਂ ਨੂੰ ਦੁਗਣਾ ਲਿਖਣ ਦੀ ਪ੍ਰੇਰਨਾ ਦਿੰਦਿਆ ਇਹ ਵੀ ਕਿਹਾ ਕਿ ਉਹਨਾਂ ਬਾਰੇ ਆਲੋਚਨਾਤਮਿਕ ਕੋਣ ਤੋ ਵੀ ਲਿਖਣਾ ਚਾਹੀਦਾ ਹੈ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਜੇਕਰ ਸਕੂਲੀ ਪਾਠ-ਕਰਮ ਅਤੇ ਸਿੱਖਿਆ ਨਾਲ ਸਬੰਧਤ ਨੀਤੀਆਂ ਲਈ ਲੇਖਕਾਂ/ਕਲਾਕਾਰਾਂ ਦੀ ਭਾਗੀਦਾਰੀ ਬਣਾਈ ਜਾਵੇ ਤਾ ਇਸਦੇ ਹੋਰ ਸਾਰਥਿਕ ਸਿੱਟੇ ਸਾਹਮਣੇ ਆ ਸਕਦੇ ਹਨ। ਸੈਕੰਡਰੀ ਸਕੂਲ ਘੁਡਾਣੀ ਕਲਾ(ਲੁਧਿਆਣਾ) ਦੇ ਪੰਜਾਬੀ ਲੈਕਚਰਾਰ ਸੰਦੀਪ ਸ਼ਰਮਾਂ ਨੇ ਕਿਹਾ ਕਿ ਵਿਭਾਗ ਵਿੱਚ ਕੰਮ ਕਰ ਰਹੇ ਸਾਹਿਤਕਾਰਾਂ ਨੂੰ ਇਸ ਤਰ੍ਹਾ ਇੱਕ ਪਲੇਟਫਾਰਮ ਮੁਹੱਈਆਂ ਕਰਵਾਉਣ ਦੀ ਇਹ ਪਹਿਲ ਅਸਲੋਂ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਸੰਵੇਦਹੀਣਤਾ ਦੇ ਇਸ ਦੌਰ ਵਿੱਚ ਜ਼ਹੀਨ ਅਤੇ ਸੰਵੇਦਨਸ਼ੀਲ ਅਧਿਆਪਕਾਂ ਦਾ ਆਪਸੀ ਰਾਬਤਾ ਯਕੀਨਨ ਵਿਭਾਗ ਦੀਆਂ ਦਰਪੇਸ਼ ਸਮੱਸਿਆਵਾਂ ਤੇ ਚਨੌਤੀਆਂ ਦੀ ਨਿਸ਼ਾਨਦੇਹੀ ਅਤੇ ਉਹਨਾਂ ਨੂੰ ਨਜਿੱਠਣ ਦੇ ਨਵੇ ਰਾਹ ਤਲਾਸ਼ੇਗਾ।
ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸ਼ਾਹੀਆਂ ਦੀ ਅਧਿਆਪਕਾਂ ਅਤੇ ਕਵੀਤਰੀ ਪ੍ਰਵੀਨ ਸ਼ਰਮਾਂ ਨੇ ਕਿਹਾ ਕਿ ਸਾਹਿਤਕਾਰ ਅਧਿਆਪਕਾਂ ਨੂੰ ਮਹੀਨੇ ਵਿੱਚ ਕਿਸੇ ਸਾਹਿਤਕ ਕਾਰਜ ਲਈ ਆਨ ਡਿਊਟੀ ਕਰਨ ਦੇ ਫੈਸਲੇ ਅਤੇ ਸਾਹਿਤਕ ਮਿਲਣੀ ਨਾਲ ਸਰਕਾਰੀ ਸਕੂਲਾਂ ਵਿੱਚ ਸਾਹਿਤਕ ਸਰਗਰਮੀਆਂ ਨੂੰ ਵੱਡਾ ਬਲ ਮਿਲੇਗਾ। ਫਿਲਮ ਕਲਾਕਾਰਾਂ ਅਤੇ ਪੰਜਾਬੀ ਲੈਕਚਰਾਰ ਰਮਣੀਕ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ ਲੁਧਿਆਣਾ ਅਤੇ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਪ੍ਰਿੰਸੀਪਲ ਅਤੇ ਸਿਖਿਆ ਖੇਤਰ ਨੂੰ ਦੋ ਦਰਜ਼ਨ ਦੇ ਕਰੀਬ ਸਲੇਬਸ ਨਾਲ ਸਬੰਧਤ ਕਿਤਾਬਾਂ ਦੇਣ ਵਾਲੇ ਡਾ.ਬੂਟਾ ਸਿੰਘ ਬੋੜਾਵਾਲ ਦਾ ਕਹਿਣਾ ਹੈ ਕਿ ਅਜਿਹੀਆਂ ਸਾਹਿਤਕ ਮਿਲਣੀਆਂ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਰ ਨਿਖਾਰ ਲਿਆਉਣਗੀਆਂ। ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਦੇ ਹੈਡ ਟੀਚਰ ਅਤੇ ਸਟੇਟ ਅਵਾਰਡੀ ਅਧਿਆਪਕ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਅਧਿਆਪਕਾਂ ਨੂੰ ਆਪਣੀ ਕਲਾ ਦਾ ਪ੍ਰਗਟਾਵਾਂ ਕਰਨ ਦਾ ਮੌਕਾ ਮਿਲੇਗਾ ਉੱਥੇ ਉਹ ਇਸ ਮਿਲੇ ਮਾਣ ਸਨਮਾਣ ਤੋ ਬਾਅਦ ਪੂਰੇ ਉਤਸ਼ਾਹ ਨਾਲ ਸਕੂਲਾਂ ਦੇ ਵਿਦਿਆਰਥੀਆਂ ਦੀ ਕਲਾ ਨੂੰ ਉਜਾਗਰ ਕਰਨ ਲਈ ਕੰਮ ਕਰਨਗੇ। ਸਰਕਾਰੀ ਸੈਕੰਡਰੀ ਸਕੂਲ ਲੰਗ ਦੀ ਅਧਿਆਪਕਾਂ ਅਤੇ ਕਵੀਤਰੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਮ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦੀ ਸਾਹਿਤਕ ,ਸਭਿਆਚਾਰ ਸਰਗਰਮੀਆਂ ਨੂੰ ਪਰਫੁੱਲਤ ਕਰਨ ਲੋੜ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ ਜ਼ਿਲ਼੍ਹੇ ਅਤ ਸਟੇਟ ਪੱਧਰ ਤੇ ਵੀ ਸਲਾਨਾ ਰਸਾਲੇ ਪ੍ਰਕਾਸ਼ਿਤ ਕਰਨ ਦੀ ਲੋੜ ਹੈ ਤਾ ਕਿ ਸਕੂਲ-ਸਕੂਲ ਕੱਢੇ ਜਾਂਦੇ ਰਸਾਲੇ ਤੋ ਬਾਅਦ ਵਿਦਿਆਰਥੀਆਂ ਦੀ ਉਪਰਲੇ ਪੱਧਰ ਤੇ ਵੀ ਚੌਣ ਹੋ ਸਕੇ ਅਤੇ ਉਹਨਾਂ ਦਾ ਲੋੜੀਦਾ ਮਾਣ ਸਨਮਾਣ ਹੋ ਸਕੇ।
ਫੋਟੋ ਕੈਪਸ਼ਨ:- ਸਿੱਖਿਆ ਵਿਭਾਗ ਦੇ ਫੈਸਲੇ ਤੇ ਅਪਣਾ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਵੱਖ ਵੱਖ ਸਾਹਿਤਕਾਰ ਅਧਿਆਪਕ























