ਪ੍ਰਸ਼ਾਸ਼ਨ ਨੇ ਜ਼ਿਲ੍ਹੇ ਅੰਦਰ 27 ਖੁਲ੍ਹੇ ਬੋਰਵੈਲ ਬੰਦ ਕਰਵਾਏ : ਡਿਪਟੀ ਕਮਿਸ਼ਨਰ

0
22

ਮਾਨਸਾ, 14 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ ਖੁਲ੍ਹੇ ਬੋਰਵੈਲਾਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਖੁਲ੍ਹੇ ਬੋਰਵੈਲਾਂ ਦੀ ਪੜਤਾਲ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਢੱਕ ਦੇਣ ਦੇ ਹੁਕਮ ਦਿੱਤੇ ਗਏ ਸਨ। ਜਿਸ ਸਬੰਧੀ ਵਿਭਾਗਾਂ ਵੱਲੋਂ ਤੁਰੰਤ ਹੀ ਸਮੁੱਚੀ ਪ੍ਰਕ੍ਰਿਆ ਨੇਪਰੇ ਚਾੜ੍ਹਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਵਿਭਾਗਾਂ ਵੱਲੋਂ ਬੋਰਵੈਲ ਬੰਦ ਕਰਨ ਸਬੰਧੀ ਲਗਾਤਾਰ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਵੱਲੋਂ ਵੀ ਜੇਕਰ ਕੋਈ ਖੁਲ੍ਹਾ ਬੋਰਵੈਲ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਬੰਦ ਕਰਵਾਇਆ ਜਾ ਰਿਹਾ ਹੈ। ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 13 ਜੂਨ 2019 ਤੱਕ ਪ੍ਰਾਪਤ ਸ਼ਿਕਾਇਤਾਂ ਅਤੇ ਵਿਭਾਗ ਦੀ ਪੜਤਾਲ ਦੌਰਾਨ ਮਾਨਸਾ ਜ਼ਿਲ੍ਹੇ ਅੰਦਰ 27 ਬੋਰਵੈਲ ਬੰਦ ਕਰਵਾਏ ਗਏ, ਜਿਸ ਤਹਿਤ ਭੀਖੀ ਵਿਖੇ 11, ਪਿੰਡ ਮੱਤੀ ਵਿਖੇ 3 ਬੋਰਵੈਲ ਖੁਲ੍ਹੇ ਪਾਏ ਗਏ, ਜਿਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਭੀਖੀ ਬਲਾਕ ਦੇ ਹੀ ਵਾਰਡ ਨੰ. 8 ਨੇੜੇ ਧਰਮਸ਼ਾਲਾ ਭਾਲ ਪੱਤੀ ਸਮਾਂਓ ਵਿਖੇ ਖੁਲ੍ਹੇ ਪਏ ਖੂਹ ਨੂੰ ਸਰੀਏ ਦਾ ਜਾਲ ਬਣਾ ਕੇ ਪੱਕੇ ਤੌਰ ‘ਤੇ ਢੱਕ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਬੁਢਲਾਡਾ ਦੇ ਪਿੰਡ ਗੋਬਿੰਦਪੁਰਾ ਵਿਖੇ 9, ਦਿਆਲਪੁਰਾ ਵਿਖੇ 1 ਅਤੇ ਬਲਾਕ ਸਰਦੂਲਗੜ੍ਹ ਦੇ ਪਿੰਡ ਭੂੰਦੜ ਰੋਡ ਅਤੇ ਝੰਡਾ ਖੁਰਦ ਵਿਖੇ 1-1 ਬੋਰਵੈਲ ਖੁਲ੍ਹਾ ਪਾਇਆ ਗਏ, ਜਿਨ੍ਹਾ ਨੂੰ ਪੱਕੇ ਤੌਰ ‘ਤੇ ਢੱਕ ਦਿੱਤਾ ਗਿਆ ਹੈ, ਤਾਂ ਜੋ ਖੁਲ੍ਹੇ ਬੋਰਵੈਲਾਂ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਖੁਲ੍ਹਾ ਬੋਰਵੈਲ ਦਿਖਾਈ ਦਿੰਦਾ ਹੈ, ਤਾਂ ਉਸਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ, ਤਾਂ ਜੋ ਅਜਿਹੇ ਖੁਲ੍ਹੇ ਬੋਰਵੈਲ ਨੂੰ ਸਮਾਂ ਰਹਿੰਦਿਆਂ ਹੀ ਢੱਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿੱਚ ਬੋਰਵੈਲਾਂ ਸਬੰਧੀ ਮੁਨਾਦੀ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਕੋਈ ਬੋਰਵੈਲ ਖੁਲ੍ਹਾ ਪਾਇਆ ਜਾਂਦਾ ਹੈ, ਤਾਂ ਉਸਦੇ ਮਾਲਕ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here