ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ‘ਮਾਤਰੂ ਵੰਦਨਾ ਸਪਤਾਹ’ ਸ਼ੁਰੂ

0
8

ਮਾਨਸਾ, 02 ਦਸੰਬਰ (ਸਾਰਾ ਯਹਾ ,ਬਲਜੀਤ ਸ਼ਰਮਾ ): ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਮਾਤਰੂ ਵੰਦਨਾ ਸਪਤਾਹ ਦੀ ਸ਼ੁਰੂਆਤ ਅੱਜ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ। ਹਫ਼ਤਾ ਭਰ ਮਨਾਏ ਜਾਣ ਵਾਲੇ ਇਸ ਸਮਾਰੋਹ ਦਾ ਉਦੇਸ਼ ਇਸ ਸਕੀਮ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਤਹਿਤ ਔਰਤ ਆਪਣੇ ਪਹਿਲੇ ਬੱਚੇ ਦੇ ਜਨਮ ਤੇ 5000 ਰੁਪਏ ਦੀ ਵਿੱਤੀ ਸਹਾਇਤਾ ਹੀ ਹੱਕਦਾਰ ਹੋਵੇਗੀ।
    ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ ਨੇ ਕਿਹਾ ਕਿ ਜਣੇਪੇ ਤੋਂ ਬਾਅਦ ਔਰਤਾਂ ਨੂੰ ਆਰਾਮ ਦੇਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਕਿਊਂਕਿ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਨੂੰ ਅਕਸਰ ਜਣੇਪੇ ਤੋਂ ਬਾਅਦ ਆਰਾਮ ਨਹੀਂ ਮਿਲ ਪਾਉਂਦਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਹਫ਼ਤੇ ਦੇ ਸਮਾਗਮ ਵਿਚ ਗਰਾਮ ਸਭਾ ਜਾਂ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਮੀਟਿੰਗਾਂ, ਗਰਭਵਤੀ ਔਰਤਾਂ ਦੀ ਘਰ-ਘਰ ਜਾ ਕੇ ਰਜਿਸਟਰੇਸ਼ਨ ਮੁਹਿੰਮ, ਸਿਹਤ, ਪੋਸ਼ਣ ਤੇ ਸਵੱਛਤਾ ਦਿਵਸ ਅਤੇ ਸਨਮਾਨ ਦਿਵਸ ਵੀ ਪਾਲਣਾ ਕੀਤੀ ਜਾਵਗੀ। ਇਹ ਸਾਰੇ ਸਮਾਗਮ ਪਿੰਡ ਪੱਧਰ ਤੇ ਹੋਣਗੇ।
    ਸਮਾਗਮ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਦੱਸਿਆ ਕਿ 31 ਦਸੰਬਰ 2019 ਤੱਕ ਸਰਕਾਰੀ ਨਿਰਦੇਸ਼ਾਂ ਅਨੁਸਾਰ 15 ਯੋਗ ਲਾਭਪਾਤਰੀਆਂ ਨੂੰ ਪ੍ਰਤੀ ਆਂਗਣਵਾੜੀ ਕਵਰ ਕਰਨਾ ਯਕੀਨੀ ਬਣਾਇਆ ਜਾਵੇਗਾ। ਮਾਨਸਾ ਵਿਚ 840 ਆਂਗਣਵਾੜੀ ਕੇਂਦਰ ਹਨ। ਇਸ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਔਰਤ ਨੂੂੰ ਗਰਭ ਅਵਸਥਾ ਸ਼ੁਰੂ ਹੋਣ ਦੇ 150 ਦਿਨਾਂ ਦੇ ਅੰਦਰ ਸਬੰਧਤ ਏ.ਐਨ.ਐਮ. ਜਾਂ ਆਂਗਣਵਾੜੀ ਵਰਕਰ ਨਾਲ ਰਜਿਸਟਰ ਕਰਵਾਉਣਾ ਪੈਂਦਾ ਹੈ। 5 ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿਚ ਦਿੱਤੀ ਜਾਂਦੀ ਹੈ, ਜਿਸ ਵਿਚ ਰਜਿਸਟਰੇਸ਼ਨ ਹੋਣ ਵੇਲੇ 1 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭ ਅਵਸਥਾ ਦੇ 180 ਦਿਨਾਂ ਦੇ ਮੁਕੰਮਲ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ ਅਤੇ ਤੀਜੀ ਕਿਸ਼ਤ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਪਹਿਲਾ ਟੀਕਾਕਰਣ ਹੋ ਜਾਣ ਦੇ ਬਾਅਦ ਦਿੱਤੀ ਜਾਂਦੀ ਹੈ। ਮਾਂ ਬੱਚੇ ਦੇ ਸਿਹਤ ਕਾਰਡ ਦੀ ਕਾਪੀ, ਮਾਪਿਆਂ ਦੇ ਆਧਾਰ ਕਾਰਡ ਦੀ ਕਾਪੀ, ਅਤੇ ਡਾਕਘਰ ਦੇ ਖਾਤੇ ਜਾਂ ਬੈਂਕ ਦੇ ਖਾਤੇ ਦੀ ਕਾਪੀ ਜਰੂਰੀ ਹੈ।
    ਅੱਜ ਦੋ ਲਾਭਪਾਤਰੀ, ਜਿੰਨ੍ਹਾਂ ਨੂੰ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਦਿੱਤੀ ਗਈ ਹੈ, ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਅਤੇ ਫਲ ਭੇਂਟ ਕੀਤੇ ਗਏ। ਇਸ ਮੌਕੇ ਸੀ.ਡੀ.ਪੀ.ਓ. ਸ੍ਰੀਮਤੀ ਕਿਰਨ ਰਾਣੀ, ਡੀ.ਪੀ.ਐਮ. ਸਿਹਤ ਵਿਭਾਗ ਸ੍ਰੀ ਅਵਤਾਰ ਸਿੰਘ, ਏ.ਐਨ.ਐਮਜ਼, ਆਸ਼ਾ ਵਰਕਰ, ਆਂਗਣਵਾੜੀ ਸੁਪਰਵਾਈਜ਼ਰ ਮੌਜੂਦ ਸਨ।

LEAVE A REPLY

Please enter your comment!
Please enter your name here