

ਮਾਨਸਾ, 28 ਦਸੰਬਰ (ਸਾਰਾ ਯਹਾਂ)-ਜ਼ਿਲਾ ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਇਕ ਨੌਜਵਾਨ ਨੇ ਕੈਨੇਡਾ ਐਡਮਿੰਟਨ ਵਿਚ ਪੁਲਸ ਦੀ ਨੌਕਰੀ ਹਾਸਿਲ ਕੀਤੀ। ਉਹ ਪੜ੍ਹਾਈ ਦੇ ਤੌਰ ਤੇ ਮਾਰਚ 2018 ਵਿਚ ਬੀ.ਐਸ.ਸੀ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਕੇ ਕੈਨੇਡਾ ਗਿਆ ਸੀ। ਜਿੱਥੇ ਜਾ ਕੇ ਉਸ ਨੇ ਮਾਸਟਰ ਡਿਗਰੀ ਕੀਤੀ। ਪ੍ਰਾਈਵੇਟ ਨੌਕਰੀ ਕਰਦਿਆਂ ਉਸ ਨੇ ਉਥੋਂ ਦੀ ਪੁਲਸ ਦੀ ਪ੍ਰੀਖਿਆ ਪਾਸ ਕਰਕੇ ਅਨੇਕਾਂ ਟੈਸਟਾਂ ਵਿਚੋਂ ਲੰਘਦਿਆਂ ਪਹਿਲੀ ਦਸੰਬਰ 2025 ਵਿਚ ਪੁਲਸ ਦੀ ਨੌਕਰੀ ਹਾਸਿਲ ਕੀਤੀ। ਉਹ ਕਰੀਬ ਡੇਢ ਸਾਲ ਪਹਿਲਾਂ ਹੀ ਪੀ.ਆਰ.ਓ ਹੋ ਗਿਆ ਸੀ। ਜਸਪਾਲ ਸਿੰਘ ਪੁੱਤਰ ਕੌਰ ਸਿੰਘ ਵਾਸੀ ਬੁਰਜ ਰਾਠੀ ਜ਼ਿਲਾ ਮਾਨਸਾ ਨੂੰ ਲਗਨ ਅਤੇ ਚੇਸ਼ਠਾ ਸੀ ਕਿ ਉਹ ਪ੍ਰਾਈਵੇਟ ਨੌਕਰੀ ਕਰਦੇ ਕਰਦੇ ਸਰਕਾਰੀ ਨੌਕਰੀ ਵੀ ਹਾਸਿਲ ਕਰੇਗਾ। ਆਪਣੇ ਕੰਮ ਦੇ ਰੁਝੇਵਿਆਂ ਦੇ ਚੱਲਦੇ ਉਸ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਪੜ੍ਹਾਈ ਦਾ ਪੱਲਾ ਨਾ ਛੱਡਿਆ। ਉਸ ਦੇ ਪਿਤਾ ਰਿਟਾਇਰਡ ਸੂਬੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਫਰੀਦਕੋਟ ਦੇ ਪਿੰਡ ਕੰਮੇਆਣਾ ਰਹਿੰਦੇ ਹਨ ਪਰ ਜਮੀਨ ਅਤੇ ਹੋਰ ਕਾਰੋਬਾਰ ਪਿੰਡ ਬੁਰਜ ਰਾਠੀ ਨਾਲ ਹੀ ਜੁੜਿਆ ਹੋਇਆ ਹੈ। ਪੰਜਾਬ ਦੇ ਮਾੜੇ ਦੌਰ ਦੌਰਾਨ 1990 ਵਿਚ ਉਹ ਫੌਜ ਵਿਚ ਸੂਬੇਦਾਰ ਭਰਤੀ ਹੋਏ। ਪੁੱਤਰ ਜਸਪਾਲ ਸਿੰਘ ਅੰਦਰ ਵੀ ਉਨ੍ਹਾਂ ਵਾਲੀ ਚੇਸ਼ਠਾ ਜਾਗੀ। ਉਸ ਨੇ ਕੈਨੇਡਾ ਜਾ ਕੇ ਪੁਲਸ ਦੀ ਨੌਕਰੀ ਹਾਸਿਲ ਕੀਤੀ। ਅਜੇ ਉਹ ਉਥੇ ਟਰੇਨਿੰਗ ਅਧੀਨ ਹੈ ਪਰ ਉਸ ਨੂੰ ਮਾਣ ਹੈ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਰੁਜਗਾਰ ਲੱਭਣਾ ਅਤੇ ਸਰਕਾਰੀ ਨੌਕਰੀ ਹਾਸਿਲ ਕਰਨਾ ਵੱਡੀ ਗੱਲ ਹੈ। ਜਸਪਾਲ ਸਿੰਘ ਦਾ ਕਹਿਣਾ ਹੈ ਕਿ ਮਿਹਨਤ ਅਤੇ ਸੱਚੀ ਲਗਨ ਕਦੇ ਅਜਾਈ ਨਹੀਂ ਜਾਂਦੀ। ਜਦੋਂ ਉਸ ਨੇ ਅਨੇਕਾਂ ਔਖੇ ਟੈਸਟਾਂ ਵਿਚੋਂ ਲੰਘ ਕੇ ਕੈਨੇਡਾ ਦੀ ਪੁਲਸ ਦੀ ਨੌਕਰੀ ਹਾਸਿਲ ਕੀਤੀ ਤਾਂ ਲੱਗਿਆ ਕਿ ਕੋਈ ਵੀ ਵਿਅਕਤੀ ਮਿਹਨਤ ਕਰਕੇ ਉਚੇ ਮੁਕਾਮ ਹਾਸਿਲ ਕਰ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਾਨੂੰਨ ਅਤੇ ਨਿਯਮ ਅਨੁਸਾਰ ਇਹ ਨੌਕਰੀ ਕਰਨਾ ਆਪਣਾ ਫਰਜ ਸਮਝੇਗਾ ਅਤੇ ਉਸ ਲਈ ਇਹ ਪ੍ਰਾਪਤੀ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਬਰਾਬਰ ਹੈ। ਪਿੰਡ ਬੁਰਜ ਰਾਠੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਇਸ ਉਦਮੀ ਨੌਜਵਾਨ ਨੇ ਨਿਰੰਤਰ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਦਿਆਂ ਕੈਨੇਡਾ ਦੀ ਧਰਤੀ ਤੇ ਜਾ ਕੇ ਪੁਲਸ ਦੀ ਨੌਕਰੀ ਹਾਸਿਲ ਕੀਤੀ ਹੈ। ਇਹ ਇਲਾਕੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਤੋਂ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਨੂੰ ਪਿੰਡ ਬੁਲਾ ਕੇ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਸ ਨੇ ਪਿੰਡ ਦਾ ਨਾਮ ਚਮਕਾਇਆ ਹੈ।























