

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਹਲਕੇ ਦੇ ਪਿੰਡ ਧਲੇਵਾ ਦੀ ਹੋਣਹਾਰ ਧੀ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਸੁਖਦੇਵ ਸਿੰਘ ਧਲੇਵਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਵਿੱਚ 136ਵਾਂ ਸਥਾਨ ਪ੍ਰਾਪਤ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਲਈ ਚੋਣ ਹਾਸਲ ਕੀਤੀ ਹੈ। ਮਨਪ੍ਰੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਪਿੰਡ ਧਲੇਵਾ ਸਮੇਤ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਮਨਪ੍ਰੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸਦੇ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਮਾਣ ਅਤੇ ਖੁਸ਼ੀ ਦਾ ਮਾਹੌਲ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਨਾ ਸਿਰਫ਼ ਪਿੰਡ ਧਲੇਵਾ ਲਈ ਮਾਣ ਦੀ ਗੱਲ ਹੈ, ਸਗੋਂ ਇਲਾਕੇ ਦੀਆਂ ਹੋਰ ਧੀਆਂ ਲਈ ਵੀ ਪ੍ਰੇਰਣਾ ਸਰੂਪ ਬਣੇਗੀ, ਜੋ ਉਨ੍ਹਾਂ ਨੂੰ ਵੀ ਵੱਡੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰੇਗੀ।
ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਸਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ ਗਈ।

ਵਧਾਈ ਦੇਣ ਵਾਲਿਆਂ ਵਿੱਚ ਬਲਰਾਜ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਡਾ. ਗੁਰਲਾਭ ਸਿੰਘ, ਹਰਵਿੰਦਰ ਸਿੰਘ, ਗੁਰਪਿਆਰ ਸਿੰਘ, ਰਘਵੀਰ ਸਿੰਘ, ਗੁਰਪ੍ਰੀਤ ਸਿੰਘ ਸੋਨੀ ਪ੍ਰਧਾਨ ਗੁਰੂਦੁਆਰਾ ਪਰਬੰਧਕ ਕਮੇਟੀ ਧਲੇਵਾ, ਭਾਈ ਮਨਦੀਪ ਸਿੰਘ ਮੁੱਖ ਗ੍ਰੰਥੀ ਸਮੇਤ ਸਮੁੱਚੀ ਗੁਰੂਦੁਆਰਾ ਪਰਬੰਧਕ ਕਮੇਟੀ ਅਤੇ ਸਮੁੱਚੀ ਨਗਰ ਪੰਚਾਇਤ ਧਲੇਵਾ ਦੇ ਮੈਂਬਰ ਸ਼ਾਮਲ ਸਨ।























