

ਮਾਨਸਾ, 11 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀਬਾੜੀ ਅਫਸਰ ਮਾਨਸਾ ਡਾ. ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਪਿੰਡ ਉੱਭਾ ਵਿਖੇ ਵਿਸ਼ਵ ਦਾਲ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਵਿਕਾਸ ਅਫਸਰ, ਡਾ.ਪ੍ਰਦੀਪ ਸਿੰਘ ਨੇ ਦਾਲਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਲਕੀਆਂ ਜਮੀਨਾਂ ਵਿੱਚ ਦਾਲਾ ਦੀ ਸਫਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ 20-25 ਪ੍ਰਤੀਸ਼ਤ ਹੁੰਦੀ ਹੈ ਅਤੇ ਦਾਲਾਂ ਪ੍ਰੋਟੀਨ ਦਾ ਸਸਤਾ ਸੋਮਾ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਆਪਣੇ ਖਾਣ ਲਈ ਦਾਲਾਂ ਦੀ ਕਾਸ਼ਤ ਆਪਣੇ ਖੇਤਾਂ ਵਿੱਚ ਕੀਤੀ ਜਾਵੇ ਤਾਂ ਜੋ ਤੰਦਰੁਸਤ ਅਤੇ ਸਸਤਾ ਭੋਜਨ ਕਿਸਾਨਾ ਨੂੰ ਮਹੱਈਆ ਹੋ ਸਕੇ। ਉਹਨਾਂ ਦੱਸਿਆ ਕਿ ਦਾਲਾਂ ਦੀਆਂ ਮਿੰਨੀ ਕਿੱਟਾਂ ਦੀ ਬਿਜਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਰਵਾਈ ਜਾਵੇਗੀ।
ਖੇਤੀਬਾੜੀ ਵਿਕਾਸ ਅਫਸਰ ਡਾ.ਨਰਿੰਦਰਸਿੰਘ ਨੇ ਕਿਸਾਨਾ ਨੂੰ ਕਣਕ ਦੀ ਫਸਲ ਤੇ ਤੇਲੇ ਅਤੇ ਪੀਲੀ ਕੁੰਗੀ ਦੇ ਹਮਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਸ਼੍ਰੀ ਬਿੱਕਰ ਸਿੰਘ ਅਤੇ ਹੋਰ ਅਗਾਹਵਧੂ ਕਿਸਾਨ ਮੌਜੂਦ ਸਨ।























