

ਮਾਨਸਾ 31 ਮਈ (ਬਪਸ): ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੀਆਂ ਚਿਮਨੀਆਂ ਚੋਂ ਨਿਕਲ ਰਹੇ ਪ੍ਰਦੂਸ਼ਣ ਤੋਂ ਨੇੜਲੇ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ । ਜਾਣਕਾਰੀ ਦਿੰਦਿਆਂ ਪਿੰਡ ਤਲਵੰਡੀ ਅਕਲੀਆ ਦੇ ਨੌਜਵਾਨ ਗੁਰਵਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਸਰਾਂ, ਪਿੰਡ ਰਾਏਪੁਰ ਦੇ ਗਗਨਦੀਪ ਸਿੰਘ, ਜਗਦੀਪ ਸਿੰਘ ਭੁਟੋ ਅਤੇ ਪਿੰਡ ਮਾਖਾ ਦੇ ਸਰਪੰਚ ਮੰਗਾ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਟ ਬਣਾਂਵਾਲੀ ਜੋ ਸਾਡੇ ਨਜ਼ਦੀਕ ਲੱਗਿਆ ਹੋਇਆ ਹੈ ਇਸ ਦੀਆਂ ਚਿਮਨੀਆਂ ਚੋਂ ਨਿਕਲ ਰਿਹਾ ਪ੍ਰਦੂਸ਼ਣ ਮਨੁੱਖ, ਪਸ਼ੂ ਪੰਛੀਆਂ ਅਤੇ ਫ਼ਸਲਾਂ ਲਈ ਕਾਫੀ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 30 ਮਈ ਦਿਨ ਵੀਰਵਾਰ ਨੂੰ ਦੁਪਹਿਰ 11:30 ਵਜੇ ਥਰਮਲ ਦੀਆਂ ਚਿਮਨੀਆਂ ਵਿੱਚੋਂ ਇਹ ਰਾਖ ਨਿਕਲਣੀ ਸੁਰੂ ਹੋ ਗਈ ਸੀ ਜੋ ਕਰੀਬ ਦੋ ਵਜੇ ਤੱਕ ਨਿਕਲਦੀ ਰਹੀ ਉਨ੍ਹਾਂ ਕਿਹਾ ਕਿ ਥਰਮਲ ਵੱਲੋਂ ਪਹਿਲਾਂ ਇਹ ਰਾਖ ਰਾਤ ਦੇ ਸਮੇਂ ਛੱਡੀ ਜਾਂਦੀ ਸੀ ਤਾਂ ਕਿ ਨੇੜੇ ਦੇ ਲੋਕਾਂ ਨੂੰ ਪਤਾ ਨਾ ਲੱਗ ਸਕੇ ਪਰ ਹੁਣ ਥਰਮਲ ਅਧਿਕਾਰੀਆਂ ਦੀਆਂ ਵਧੀਕੀਆਂ ਏਨੀਆਂ ਵਧ ਗਈਆਂ ਹਨ ਕਿ ਉਹ ਸ਼ਰੇਆਮ ਦਿਨ ਵੇਲੇ ਇਹ ਰਾਖ ਛੱਡ ਰਹੇ ਹਨ। ਥਰਮਲ ਦੀਆਂ ਚਿਮਨੀਆਂ ਵਿੱਚੋਂ ਨਿਕਲੀ ਇਹ ਰਾਖ ਜਿੱਥੇ ਫਸਲਾਂ ਤੇ ਸ਼ਬਜੀਆ ਆਦਿ ਦੇ ਪੱਤਿਆਂ, ਸੁੱਕਣੇ ਪਾਏ ਗਏ ਕੱਪੜਿਆਂ, ਪਾਣੀ ਦੇ ਛੱਪੜਾ ਆਦਿ ਤੇ ਡਿੱਗਕੇ ਕਾਫ਼ੀ ਨੁਕਸਾਨ ਕਰਦੀ ਹੈ ਉੱਥੇ ਇਸ ਨਾਲ ਹੋਏ ਦੂਸ਼ਤ ਵਾਤਾਵਰਨ ਵਿੱਚ ਸਾਹ ਲੈਣ ਵਾਲੇ ਪਸ਼ੂ-ਪੰਛੀਆਂ, ਪੌਦਿਆਂ ਅਤੇ ਜੀਵ ਜੰਤੂਆਂ ਲਈ ਵੀ ਹਾਨੀਕਾਰਕ ਸਿੱਧ ਹੋਕੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਚ ਵਾਧਾ ਕਰ ਰਹੀ ਹੈ। ਬੇਸ਼ੱਕ ਪਹਿਲਾਂ ਵੀ ਇਸ ਦੀਆਂ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਅਤੇ ਸਬੰਧਤ ਮਹਿਕਮਾ ਹਰ ਵਾਰ ਕਾਰਵਾਈ ਕਰਨ ਦੀਆਂ ਮਿੱਠੀਆਂ ਗੋਲੀਆਂ ਦੇਕੇ ਮਸਲਾ ਹੱਲ ਕਰਨ ਲਈ ਕਹਿ ਦਿੰਦਾ ਹੈ ਪਰ ਅਜੇ ਵੀ ਪਰਨਾਲਾ ਉੱਥੇ ਦਾ ਉੱਥੇ ਹੈ। ਨੇੜਲੇ ਪਿੰਡਾਂ ਦੇ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਥਰਮਲ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਰਮਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਪੱਕੇ ਤੌਰ ਤੇ ਰੋਕਿਆ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਦੇ ਖਿਲਾਫ ਸੰਘਰਸ਼ ਵਿੱਢਣਗੇ ਜਿਸ ਦੇ ਜ਼ਿੰਮੇਵਾਰ ਥਰਮਲ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।ਇਸ ਸਬੰਧੀ ਜਦੋਂ ਥਰਮਲ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੇ ਫੋਨ ਨੰਬਰ ਤੇ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਵੀ ਗੱਲ ਕਰਨੀ ਉੱਚਿਤ ਨਹੀਂ ਸਮਝਿਆ।























