

ਫਗਵਾੜਾ 24 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਖੇਦੀ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਸਾਰੀ ਮਨੁੱਖਤਾ ‘ਤੇ ਹਮਲਾ ਹਨ। ਜਿਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਾਨ ਨੇ ਕੇਂਦਰ ਸਰਕਾਰ ਤੇ ਹਮਲਾਵਰ ਹੁੰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਸ਼ਮੀਰ ‘ਚ ਸਖ਼ਤ ਸੁਰੱਖਿਆ ਪ੍ਰਬੰਧਾ ਦੇ ਬਾਵਜੂਦ ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਕਿਸ ਤਰ੍ਹਾਂ ਦੇ ਦਿੱਤਾ ਗਿਆ। ਮਾਨ ਨੇ ਕਿਹਾ ਕਿ ਇਹ ਘਟਨਾ 2019 ‘ਚ ਪੁਲਵਾਮਾ ਦੀ ਘਟਨਾ ਦੀ ਯਾਦ ਤਾਜਾ ਕਰਵਾਉਂਦੀ ਹੈ। ਉਸ ਸਮੇਂ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੂੰ ਘੱਟੋ-ਘੱਟ 11 ਖੁਫੀਆ ਜਾਣਕਾਰੀਆਂ ਮਿਲੀਆਂ ਸਨ। ਉਸ ਹਮਲੇ ਤੋਂ ਦੋ ਦਿਨ ਪਹਿਲਾਂ, ਜੈਸ਼-ਏ-ਮੁਹੰਮਦ ਨੇ ਅਫਗਾਨਿਸਤਾਨ ਵਿੱਚ ਇੱਕ ਆਤਮਘਾਤੀ ਹਮਲੇ ਦਾ ਵੀਡੀਓ ਵੀ ਅਪਲੋਡ ਕੀਤਾ ਸੀ ਅਤੇ ਕਸ਼ਮੀਰ ਵਿੱਚ ਵੀ ਅਜਿਹਾ ਹੀ ਹਮਲਾ ਕਰਨ ਦਾ ਸੰਕੇਤ ਦਿੱਤਾ ਸੀ। ਉਸ ਸਮੇਂ ਗ੍ਰਹਿ ਮੰਤਰਾਲੇ ਨੇ ਹਮਲੇ ਵਾਲੇ ਦਿਨ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਜਹਾਜ਼ ਦੀ ਸੁਵਿਧਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਖੁਫੀਆ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਕਾਫਲੇ ਨੂੰ ਸੜਕੀ ਰਸਤੇ ਤੋਂ ਭੇਜਿਆ ਗਿਆ। ਜਿਸ ਦੇ ਸਿੱਟੇ ਵਜੋਂ ਪੁਲਵਾਮਾ ਦੀ ਘਟਨਾ ਵਾਪਰੀ ਅਤੇ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਵਾਰ ਵੀ ਸਰਕਾਰ ਦੇ ਪਾਸ ਖੂਫੀਆ ਜਾਣਕਾਰੀ ਸੀ ਅਤੇ ਜੰਗਲਾਂ ‘ਚ ਸਰਚ ਮੁਹਿਮ ਵੀ ਚੱਲ ਰਹੀ ਸੀ। ਪਰ ਬਾਵਜੂਦ ਇਸ ਦੇ 27 ਸੈਲਾਨੀਆਂ ਦੀ ਜਿੰਦਗੀ ਚਲੀ ਗਈ। ਉਹਨਾਂ ਇਸ ਘਟਨਾ ਦੀ ਵੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਪਤਾ ਲੱਗੇ ਕਿ ਆਖਰ ਸੁਰੱਖਿਆ ‘ਚ ਕਿੱਥੇ ਚੂਕ ਹੋਈ ਹੈ। ਮਾਨ ਨੇ ਕਿਹਾ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ 2019 ਦੇ ਪੁਲਵਾਮਾ ਕਾਂਡ ਦੀ ਤਰ੍ਹਾਂ ਇਸ ਘਟਨਾਂ ਦੇ ਪਿੱਛੇ ਵੀ ਕੇਂਦਰ ਦੀ ਨਾਕਾਮੀ ਜਾਂ ਜਾਣਬੁੱਝ ਕੇ ਸੁਰੱਖਿਆ ਪ੍ਰਬੰਧਾਂ ‘ਚ ਵਰਤੀ ਖਾਮੀ ਤਾਂ ਜਿੰਮੇਵਾਰ ਨਹੀਂ ਹੈ।























