

ਮਾਨਸਾ, 02 ਜੁਲਾਈ (ਸਾਰਾ ਯਹਾ,ਬਲਜੀਤ ਸ਼ਰਮਾ : ਮਾਨਸਾ ਜ਼ਿਲ੍ਹਾ ਪ੍ਰਸਾਸ਼ਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਸਖ਼ਤ ਹੋ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਨਾਲ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿੱਚ 2 ਵਾਰ ਅਜਿਹੀਆਂ ਦੁਕਾਨਾਂ ਦੀ ਚੈਕਿੰਗ ਜ਼ਰੂਰ ਕਰਨ ਜਿੱਥੇ ਪਲਾਸਟਿਕ ਦੇ ਲਿਫਾਫ਼ੇ ਬਣਾਏ ਜਾ ਵੇਚੇ ਜਾਂਦੇ ਹਨ ਜਾਂ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੀ ਉਲੰਘਣਾਂ ਕਰਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿਠਿਆ ਜਾਵੇ ਅਤੇ ਇਨ੍ਹਾਂ ਨੂੰ ਵੇਚਣ ਅਤੇ ਖਰੀਦਣ ਵਾਲਿਆਂ ਦੇ ਚਲਾਨ ਕੱਟੇ ਜਾਣ । ਇਸ ਤੋਂ ਇਲਾਵਾ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਮੁਨਾਦੀ ਵੀ ਕਰਵਾਈ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੇ 3 ਡੀ ਪ੍ਰੋਜੈਕਟ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ 3 ਐਮ.ਆਰ.ਐਫ. (ਮਟੀਰਿਅਲ ਰਿਸਾਈਕਲ ਫੈਕਟਰੀ) ਚੱਲ ਰਹੀਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਦੇ ਘਰਾਂ ਵਿੱਚੋਂ ਕੂੜਾ-ਕਰਕਟ ਇੱਕਠਾ ਕਰਕੇ ਉਸਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ। ਬੁਢਲਾਡਾ ਅਤੇ ਬਰੇਟਾ ਵਿਖੇ ਵੀ ਅਜਿਹੇ ਐਮ.ਆਰ.ਐਫ. ਸੈਂਟਰ ਬਣ ਰਹੇ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਵਿਖੇ ਵੀ ਘਰਾਂ ਵਿੱਚੋਂ ਕੂੜਾ ਚੁੱਕ ਕੇ ਉਸਨੂੰ ਅਲੱਗ-ਅਲੱਗ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੂੜਾ ਲੈਣ ਆਉਣ ਵਾਲਿਆਂ ਨੂੰ ਕੂੜਾ ਵੱਖੋ-ਵੱਖਰਾ ਕਰ ਕੇ ਦੇਣ। ਉਨ੍ਹਾਂ ਕਿਹਾ ਕਿ ਕੂੜੇ ਨੂੰ ਗਲਣਯੋਗ ਅਤੇ ਨਾ-ਗਲਣਯੋਗ ਢੰਗ ਨਾਲ ਅਲੱਗ-ਅਲੱਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਖਾਣਯੋਗ ਬਚੇ ਹੋਏ ਪਦਾਰਥਾਂ ਨੂੰ ਪਲਾਸਟਿਕ, ਬੋਤਲਾਂ, ਰੈਪਰਾਂ ਨਾਲ ਮਿਕਸ ਨਾ ਕੀਤਾ ਜਾਵੇ।
ਇਸ ਮੌਕੇ ਡੀ.ਐਸ.ਪੀ. ਸ਼੍ਰੀ ਸਰਬਜੀਤ ਸਿੰਘ, ਈ.ਟੀ.ਓ. ਸ਼੍ਰੀ ਹਿਤੇਸ਼ਵੀਰ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਸੁਖਦੇਵ ਸਿੰਘ, ਕਾਰਜ ਸਾਧਕ ਅਫ਼ਸਰ ਬੁਢਲਾਡਾ-ਬਰੇਟਾ ਸ਼੍ਰੀ ਵਿਜੇ ਜਿੰਦਲ, ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ ਸ਼੍ਰੀ ਵਿਸ਼ਾਲਦੀਪ, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਾਜਪਾਲ ਸਿੰਘ, ਇੰਸਪੈਕਟਰ ਸ਼੍ਰੀ ਅੰਗਰੇਜ ਪਾਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।























