

ਮਾਨਸਾ, 09 ਨਵੰਬਰ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਅੱਜ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਪਹਿਲੇ ਗੇੜ ਦੌਰਾਨ ਤਕਰੀਬਨ 200 ਉਨ੍ਹਾਂ ਕਿਸਾਨਾਂ ਦਾ ਪ੍ਰਸ਼ੰਸਾ ਪੱਤਰ ਦੇ ਕੇ ਧੰਨਵਾਦ ਕੀਤਾ, ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਇਸ ਵਾਰ ਅੱਗ ਨਹੀਂ ਲਗਾਈ ਅਤੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਿਸਾਨ ਇਸ ਵਾਰ ਹਿੰਮਤ ਦਿਖਾ ਕੇ ਅੱਗੇ ਆਏ ਹਨ ਅਤੇ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਇਸ ਗਿਣਤੀ ਵਿੱਚ ਹੋਰ ਵੀ ਇਜ਼ਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਹੋਰ ਵੀ ਚੰਗਾ ਝਾੜ ਪੈਦਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪਰਾਲੀ ਨੂੰ ਜੇਕਰ ਕਿਸਾਨ ਅੱਗ ਨਹੀਂ ਲਗਾਉਂਦੇ ਤਾਂ ਉਨ੍ਹਾਂ ਨੂੰ ਵਾਧੂ ਦੇ ਕੀਟਨਾਸ਼ਕਾਂ ਜਾਂ ਹੋਰ ਰੇਹਾਂ-ਸਪਰਆਂ ‘ਤੇ ਖਰਚਾ ਕਰਨ ਤੋਂ ਨਿਜਾਤ ਮਿਲ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁਹਿੰਮ ਲਈ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਮੌਜੂਦ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। 
ਇਸ ਮੋਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕਈ ਕਿਸਾਨਾਂ ਕੋਲ ਘੱਟ ਜ਼ਮੀਨ ਹੈ ਪਰ ਫਿਰ ਵੀ ਇਹ ਕਿਸਾਨ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਰੁਝਾਨ ਲਗਾਤਾਰ ਕਿਸਾਨਾਂ ਵਿੱਚ ਵੱਧਦਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਜਿੱਥੇ ਧਰਤੀ ਹੇਠਲੇ ਮਿੱਤਰ ਕੀੜੇ ਨਸ਼ਟ ਹੁੰਦੇ ਹਨ, ਉਥੇ ਵਾਤਾਵਰਣ ਪ੍ਰਦੂਸ਼ਿਤ ਹੋ ਕੇ ਕਈ ਬਿਮਾਰੀਆਂ ਅਤੇ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਮਾਹਿਰਾਂ ਦੀ ਸਿਫਾਰਿਸ਼ਾਂ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਵੀ ਵਿਸਥਾਰ ਪੂਰਵਕ ਜਾਣੂ ਕਰਵਾਇਆ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦੀਆਂ ਮੁਸ਼ਿਕਲਾਂ ਵੀ ਸੁਣੀਆਂ ਗਈਆਂ ਅਤੇ ਜਲਦ ਹੀ ਉਨ੍ਹਾਂ ਨੂੰ ਦੂਰ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਖੇਤੀਬਾੜੀ ਵਿਭਾਗ ਦੀ ਲੈਬ ਦਾ ਵੀ ਦੌਰਾ ਕੀਤਾ ਜਿੱਥੇ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਕੀਤੀ ਜਾਂਦੀ ਹੈ।
ਇਸ ਮੌਕੇ ਡਾ. ਡੂੰਗਰ ਸਿੰਘ ਬਰਾੜ, ਜ਼ਿਲ੍ਹਾ ਪ੍ਰੋਜੈਕਟ ਚੇਅਰਮੈਨ ਡਾ. ਚਮਨਦੀਪ ਸਿੰਘ, ਖੇਤੀਬਾੜੀ ਅਫ਼ਸਰ ਭੀਖੀ ਡਾ. ਭੀਮ ਅਵਤਾਰ, ਏ.ਡੀ.ਓ. ਝੁਨੀਰ ਡਾ. ਹਰਵਿੰਦਰ ਸਿੰਘ ਸਿੱਧੂ, ਏ.ਡੀ.ਓ. ਮਾਨਸਾ ਡਾ. ਜਸਲੀਨ ਕੌਰ, ਏ.ਡੀ.ਓ. ਮਾਨਸਾ ਸ਼੍ਰੀ ਸਿਕੰਦਰ ਸਿੰਘ, ਏ.ਡੀ.ਓ. ਬੁਢਲਾਡਾ ਸ਼੍ਰੀ ਪ੍ਰਦੀਪ ਸਿੰਘ ਤੋਂ ਇਲਾਵਾ ਅਗਾਂਹਵਧੂ ਕਿਸਾਨ ਮੌਜੂਦ ਸਨ। 
DITED BY : SARA YAHA | | Last Updated : 7:22 pm 9 ਨਵੰਬਰ 2018
























