*ਨੇਕੀ ਫਾਉਂਡੇਸ਼ਨ ਨੂੰ ਮਿਲਿਆ ਪੰਜਵੀਂ ਵਾਰ ਰਾਜ ਪੁਰਸਕਾਰ*

0
185

ਬੁਢਲਾਡਾ,1 ਅਕਤੂਬਰ (ਸਾਰਾ ਯਹਾਂ/ਮੇਹਤਾ  ਅਮਨ), ਪਟਿਆਲਾ ਵਿਖੇ ਰਾਸ਼ਟਰੀ ਸਵੈਇੱਛੁਕ ਖੂਨਦਾਨ ਦਿਵਸ ਮੌਕੇ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਨੂੰ ਖੂਨਦਾਨ ਦੇ ਖ਼ੇਤਰ ਵਿੱਚ ਰਾਜ ਪੁਰਸਕਾਰ ਨਾਲ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਸੰਸਥਾ ਨੇਕੀ ਫਾਉਂਡੇਸ਼ਨ ਨੂੰ ਪੰਜਵੀਂ ਵਾਰ ਰਾਜ ਪੁਰਸਕਾਰ ਨਾਲ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਮਾਨਸਾ ਬਲੱਡ ਸੈਂਟਰ ਦੇ ਇੰਚਾਰਜ ਡਾ. ਸ਼ਾਇਨਾ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਨੂੰ ਖੂਨਦਾਨ ਦੇ ਖ਼ੇਤਰ ਵਿੱਚ ਪੰਜਾਬ ਭਰ ਦੀਆਂ ਪਹਿਲੀਆਂ ਸੱਤ ਸੰਸਥਾਵਾਂ ਦਾ ਦਰਜ਼ਾ ਪ੍ਰਾਪਤ ਹੋਇਆ ਹੈ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 180 ਤੋਂ ਵੱਧ ਕੈੰਪ ਲਗਾਕੇ 22000 ਤੋਂ ਵੱਧ ਯੂਨਿਟ ਖੂਨਦਾਨ ਕਰਵਾਏ ਗਏ ਹਨ ਜਿਸ ਨਾਲ ਹਜ਼ਾਰਾਂ ਮਰੀਜਾਂ ਦੀ ਜਾਨ ਬਚੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਖ਼ੂਨ ਦੀ ਲੱਗਭਗ 50 ਫੀਸਦੀ ਪੂਰਤੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ। ਬਲੱਡ ਬੈਂਕ ਕੌਂਸਲਰ ਅਮਨਦੀਪ ਸਿੰਘ ਅਤੇ ਐੱਲ. ਟੀ. ਸੁਨੈਣਾ ਮੰਗਲਾ ਨੇ ਦੱਸਿਆ ਕਿ ਸੰਸਥਾ ਮਾਨਸਾ ਦੇ ਨਾਲ-ਨਾਲ ਪਟਿਆਲਾ, ਬਠਿੰਡਾ, ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਅਤੇ ਏਮਜ਼ ਬਠਿੰਡਾ ਲਈ ਖੂਨਦਾਨ ਕੈੰਪ ਲਗਾਉਣ ਤੋਂ ਬਿਨਾਂ ਚੰਡੀਗੜ੍ਹ, ਹਰਿਆਣਾ ਸਮੇਤ ਪੰਜਾਬ ਭਰ ਵਿੱਚ ਐਮਰਜੈਂਸੀ ਕੇਸਾਂ ਵਿੱਚ ਖੂਨ ਮੁਹਈਆ ਕਰਵਾ ਰਹੀ ਹੈ। 

ਸੰਸਥਾ ਦੇ ਮੈਂਬਰਾਂ ਵਿਨੋਦ ਕਾਠ ਅਤੇ ਸ਼ਰਦ ਗੋਇਲ ਨੇ ਦੱਸਿਆ ਕਿ ਇਸ ਸਾਲ ਸੰਸਥਾ ਵੱਲੋਂ 2200 ਦੇ ਕਰੀਬ ਯੂਨਿਟ ਕੈੰਪਾਂ ਰਾਹੀਂ ਅਤੇ 800 ਦੇ ਕਰੀਬ ਯੂਨਿਟ ਐਮਰਜੈਂਸੀ ਕੇਸਾਂ ਰਾਹੀਂ ਮਰੀਜਾਂ ਨੂੰ ਖ਼ੂਨ ਮੁਹਈਆ ਕਰਵਾਇਆ ਗਿਆ ਹੈ। ਸੰਸਥਾ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਵੀ ਮਰੀਜ਼ ਨੂੰ ਖੂਨ ਲਈ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਅਤੇ ਸਿਪਾਰਸ਼ ਤੋਂ ਖੂਨ ਮਿਲ ਸਕੇ। ਇਸ ਲਈ ਉਹ ਲਗਾਤਾਰ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰ ਰਹੀ ਹੈ। 

ਉਹਨਾਂ ਦੱਸਿਆ ਕਿ ਅੱਜ ਸੰਸਥਾ ਦਾ ਸਥਾਪਨਾ ਦਿਵਸ ਵੀ ਹੈ ਅਤੇ ਸੰਸਥਾ ਮੈਂਬਰ ਕੁਲਵੀਰ ਸਿੰਘ ਕੋਮਲ ਨੂੰ ਵੀ ਦਿਵਿਆਂਗ ਦੀ ਕੈਟਾਗਿਰੀ ਵਿੱਚ ਵੱਧ ਖੂਨਦਾਨ ਕਰਨ ਬਦਲੇ ਰਾਜ ਪੁਰਸਕਾਰ ਮਿਲਿਆ ਹੈ, ਜਿਸ ਨਾਲ ਸੰਸਥਾ ਦੀ ਖੁਸ਼ੀ ਤੀਹਰੀ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਨੇਕੀ ਦਾ ਨਹੀਂ, ਸਗੋਂ ਹਰ ਉਸ ਕਲੱਬ, ਸੰਸਥਾ, ਅਦਾਰੇ, ਖੂਨਦਾਨੀ ਅਤੇ ਸਹਿਯੋਗੀ ਦਾ ਹੈ, ਜੋ ਨੇਕੀ ਦੇ ਮੋਢੇ ਨਾਲ ਮੋਢਾ ਲਾਕੇ ਇਸ ਵਿੱਚ ਆਪਣਾ ਸਹਿਯੋਗ ਪਾ ਰਹੇ ਹਨ ਅਤੇ ਜਿਹਨਾਂ ਸਦਕਾ ਨੇਕੀ ਨੂੰ ਇਹ ਮਾਣ ਹਾਸਿਲ ਹੋਇਆ ਹੈ।

LEAVE A REPLY

Please enter your comment!
Please enter your name here